ਅਜਾਦੀ ਘੁਲਾਟੀਆਂ ਦੇ ਵਾਰਿਸਾਂ ਵੱਲੋਂ ਡੀ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜਾਦੀ ਘੁਲਾਟੀਏ ਲਾਭ ਸਿੰਘ ਦੇ ਪੋਤਰੇ ਜਗਰੂਪ ਸਿੰਘ ਨੇ ਕੋਟਭਾਈ ਪੁਲਿਸ 'ਤੇ ਦੋਸ਼ ਲਾਏ ਸਨ ਕਿ ਉਸਦੀ ਨਜਾਇਜ ਕੁੱਟਮਾਰ ਕੀਤੀ ਗਈ ਹੈ।

Protest

ਗਿੱਦੜਬਾਹਾ: ਅਜਾਦੀ ਘੁਲਾਟੀਏ ਲਾਭ ਸਿੰਘ ਦੇ ਪੋਤਰੇ ਜਗਰੂਪ ਸਿੰਘ ਨੇ ਕੋਟਭਾਈ ਪੁਲਿਸ 'ਤੇ ਦੋਸ਼ ਲਾਏ ਸਨ ਕਿ ਉਸਦੀ ਨਜਾਇਜ ਕੁੱਟਮਾਰ ਕੀਤੀ ਗਈ ਹੈ। ਜਗਰੂਪ ਸਿਘ ਦੀ ਕੁੱਟਮਾਰ ਦੇ ਮਾਮਲੇ 'ਚ ਫਰੀਡਮ ਫਾਈਟਰ ਉਤਰਾ ਅਧਿਕਾਰੀ ਜਥੇਬੰਦੀ ਨੇ ਇਸ ਮਾਮਲੇ 'ਚ ਸੰਘਰਸ਼ ਦਾ ਐਲਾਨ ਕੀਤਾ।

ਅਜਾਦੀ ਘੁਲਾਟੀਆਂ ਦੇ ਵਾਰਿਸਾਂ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ 'ਚ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਇਨਕੁਆਰੀ ਕਰਨ ਦੇ ਬਹਾਨੇ ਲਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨਾਲ ਦੇਸ਼ ਭਗਤਾਂ ਦੇ ਪਰਿਵਾਰਾਂ 'ਚ ਰੋਸ ਵੱਧ ਰਿਹਾ ਹੈ।

ਉਹਨਾਂ ਕਿਹਾ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ 15 ਅਗਸਤ ਨੂੰ ਅਜਾਦੀ ਘੁਲਾਟੀਆਂ ਦੇ ਪਰਿਵਾਰ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨਗੇ ਅਤੇ ਰੋਸ ਪ੍ਰਦਰਸ਼ਨ ਕਰਨਗੇ। ਉਹਨਾਂ ਕਿਹਾ ਕਿ 12 ਅਗਸਤ ਤੋਂ ਜਥੇਬੰਦੀ ਵੱਲੋਂ ਗਿੱਦੜਬਾਹਾ ਵਿਖੇ ਡੀ.ਐਸ.ਪੀ. ਦਫ਼ਤਰ ਦੇ ਸਾਹਮਣੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।