ਰਾਕੇਸ਼ ਭਾਰਤੀ ਮਿੱਤਲ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ
ਭਾਰਤੀ ਐਂਟਰਪ੍ਰਾਈਜਿਜ਼ ਦੇ ਰਾਕੇਸ਼ ਭਾਰਤੀ ਮਿੱਤਲ ਨੇ ਪੰਜਾਬ ਵਿਚ ਹੋਰ ਸਕੂਲ ਚਲਾਉਣ ਦਾ ਜ਼ਿੰਮਾ ਲੈਣ ਦੀ ਪੇਸ਼ਕਸ਼ ਕੀਤੀ ਤਾਂ ਕਿ ਮਿਆਰੀ ਸਿੱਖਿਆ ਦਾ ਹੋਰ ਵਧੇਰੇ ਪਾਸਾਰ ਕੀਤਾ
ਚੰਡੀਗੜ੍ਹ, 10 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਭਾਰਤੀ ਐਂਟਰਪ੍ਰਾਈਜਿਜ਼ ਦੇ ਰਾਕੇਸ਼ ਭਾਰਤੀ ਮਿੱਤਲ ਨੇ ਪੰਜਾਬ ਵਿਚ ਹੋਰ ਸਕੂਲ ਚਲਾਉਣ ਦਾ ਜ਼ਿੰਮਾ ਲੈਣ ਦੀ ਪੇਸ਼ਕਸ਼ ਕੀਤੀ ਤਾਂ ਕਿ ਮਿਆਰੀ ਸਿੱਖਿਆ ਦਾ ਹੋਰ ਵਧੇਰੇ ਪਾਸਾਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲੁਧਿਆਣਾ ਵਿਚ ਲਾਡੋਵਾਲ ਵਿਖੇ ਫੂਡ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ਲਈ ਸਹਿਯੋਗ ਦੀ ਮੰਗ ਕੀਤੀ।
ਸੂਬੇ ਵਿਚ ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਪੈਦਾ ਹੋਏ ਉਦਯੋਗ ਪੱਖੀ ਮਾਹੌਲ ਤੋਂ ਉਤਸ਼ਾਹਤ ਹੁੰਦਿਆਂ ਸ੍ਰੀ ਮਿੱਤਲ ਨੇ 30 ਕਰੋੜ ਰੁਪਏ ਦੇ ਮੁੱਢਲੇ ਨਿਵੇਸ਼ ਨਾਲ ਆਪਣੇ ਡੈਲ ਮੌਂਟ ਬਰਾਂਡ ਲਈ ਫੂਡ ਪ੍ਰੋਸੈਸਿੰਗ ਪਲਾਂਟ ਦੀ ਸਥਾਪਨਾ ਕਰਨ ਲਈ ਇਜਾਜ਼ਤ ਮੰਗੀ ਅਤੇ ਇਸ ਨੂੰ ਮੁਕੰਮਲ ਕਰਨ ਲਈ 50 ਕਰੋੜ ਰੁਪਏ ਹੋਰ ਨਿਵੇਸ਼ ਕੀਤੇ ਜਾਣਗੇ।
ਕੰਪਨੀ ਦੇ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ (ਸੀ.ਐਸ.ਆਰ) ਉਪਰਾਲੇ ਤਹਿਤ ਸੱਤਿਆ ਭਾਰਤੀ ਸਕੂਲ ਪ੍ਰੋਗਰਾਮ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੇ ਨਿਰੰਤਰ ਸਹਿਯੋਗ ਦੀ ਮੰਗ ਕਰਦਿਆਂ ਸ੍ਰੀ ਮਿੱਤਲ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਪ੍ਰੋਗਰਾਮ ਦਾ ਘੇਰਾ ਵਸੀਹ ਕਰਨ ਨਾਲ ਸੂਬੇ ਵਿਚ ਵਿਦਿਆਰਥੀਆਂ ਦੇ ਜੀਵਨ 'ਤੇ ਬਹੁਤ ਉਸਾਰੂ ਪ੍ਰਭਾਵ ਪਵੇਗਾ। ਉਨ੍ਹਾਂ ਨੇ ਸਮਾਜਿਕ ਸਰੋਕਾਰ ਨਾਲ ਯੂਨੀਵਰਸਿਟੀ ਸਥਾਪਤ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ ਤਾਂ ਕਿ ਪੰਜਾਬ ਦੇ ਲੋੜਵੰਦ ਹੋਣਹਾਰ ਬੱਚਿਆਂ ਨੂੰ ਮਿਆਰੀ ਉਚੇਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।
ਇਕ ਸਰਕਾਰੀ ਬੁਲਾਰੇ ਮੁਤਾਬਿਕ ਬੀਤੀ ਸ਼ਾਮ ਇੱਥੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਸ੍ਰੀ ਮਿੱਤਲ ਨੇ ਸਕੂਲ ਪ੍ਰੋਗਰਾਮ ਦੇ ਉਪਰਾਲੇ ਲਈ ਪੰਜਾਬ ਸਕੂਲ ਵਿਕਾਸ ਬੋਰਡ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਜਿਸ ਨਾਲ ਪੇਂਡੂ ਖੇਤਰ ਦੇ ਬੱਚਿਆਂ ਨੂੰ ਅਕਾਦਮਿਕ ਪ੍ਰਾਪਤੀ ਅਤੇ ਹੁਨਰ ਵਿਕਾਸ ਲਈ ਮਦਦ ਮਿਲਦੀ ਹੈ।
ਸ੍ਰੀ ਮਿੱਤਲ ਨੇ ਦੱਸਿਆ ਕਿ ਸੀ.ਐਸ.ਆਰ ਪ੍ਰੋਗਰਾਮ ਦੇ ਅਧੀਨ ਭਾਰਤੀ ਫਾਊਂਡੇਸ਼ਨ ਵਲੋਂ 'ਸੱਤਿਆ ਭਾਰਤੀ ਅਭਿਆਨ' ਤਹਿਤ ਪਖਾਨੇ ਬਣਾਏ ਜਾ ਰਹੇ ਹਨ ਅਤੇ ਸਾਲ 2014 ਤੋਂ ਅੰਮ੍ਰਿਤਸਰ ਦੇ ਪੇਂਡੂ ਇਲਾਕਿਆਂ ਅਤੇ ਲੁਧਿਆਣਾ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਸਰਕਾਰੀ ਸਕੂਲਾਂ ਦੇ ਨਾਲ ਨਾਲ ਘਰਾਂ ਵਿਚ ਵੀ ਹਜ਼ਾਰਾਂ ਪਖਾਨੇ ਬਣਾ ਕੇ ਦਿਤੇ ਗਏ ਹਨ।