ਵਿਦਿਆਰਥੀਆਂ ਨੂੰ ਮੁਕਾਬਲੇ ਦੇ ਯੁੱਗ ਵਿਚ ਸਮੇਂ ਦਾ ਹਾਣੀ ਬਣਾਇਆ ਜਾਵੇਗਾ : ਸਪਰਾ
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆ ਦੇ ਆਮ ਗਿਆਨ ਅਤੇ ਚਲੰਤ ਮਾਮਲਿਆਂ ਵਿਚ ਵਾਧਾ ਕਰਨ ਲਈ 'ਗਿਆਨ ਅੰਜਨੁ' ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ ਜਿਸ ਨੂੰ ਕਿ
ਐਸ.ਏ.ਐਸ. ਨਗਰ, 11 ਅਗੱਸਤ (ਗੁਰਨਾਮ ਸਾਗਰ): ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆ ਦੇ ਆਮ ਗਿਆਨ ਅਤੇ ਚਲੰਤ ਮਾਮਲਿਆਂ ਵਿਚ ਵਾਧਾ ਕਰਨ ਲਈ 'ਗਿਆਨ ਅੰਜਨੁ' ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ ਜਿਸ ਨੂੰ ਕਿ ਅਗੱਸਤ ਮਹੀਨੇ ਤੋਂ ਜਨਵਰੀ 2018 ਤਕ ਚਲਾਇਆ ਜਾਵੇਗਾ। ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਸਿਆ ਕਿ 'ਗਿਆਨ ਅੰਜਨੁ' ਪ੍ਰਾਜੈਕਟ ਦੁਆਰਾ ਇਕ ਨਵੀਂ ਪਹਿਲ ਕਦਮੀ ਕਰਦਿਆਂ ਸਕੂਲੀ ਬੱਚਿਆਂ ਨੂੰ ਭਾਵੀ ਜ਼ਿੰਦਗੀ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਪ੍ਰਾਜੈਕਟ ਵਿਚ ਵਿਦਿਆਰਥੀਆ ਦੇ ਤਿੰਨ ਗਰੁੱਪ ਬਣਾਏ ਜਾਣਗੇ। ਪਹਿਲੇ ਗਰੁੱਪ ਵਿਚ ਛੇਵੀਂ ਜਮਾਤ ਤੋਂ ਅਠਵੀਂ ਜਮਾਤ ਤਕ ਅਤੇ ਦੂਜੇ ਗਰੁੱਪ ਵਿਚ ਨੌਵੀਂ ਜਮਾਤ ਤੋਂ ਦਸਵੀਂ ਜਮਾਤ ਤਕ ਅਤੇ ਤੀਜੇ ਗਰੁਪ ਵਿਚ ਗਿਆਰਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀ ਸ਼ਾਮਲ ਹੋਣਗੇ। ਇਸ ਪ੍ਰਾਜੈਕਟ ਨੂੰ ਵਿਵਹਾਰਿਕ ਰੁਪ ਵਿਚ ਲਾਗੂ ਕਰਨ ਲਈ ਫ਼ੈਸਲਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਪੱਧਰ ਤੇ ਸੀ.ਜੀ.ਆਰ.ਪੀ. ਵਲੋਂ ਵੱਖ ਵੱਖ ਵਿਸ਼ਿਆਂ ਬਾਰੇ ਪ੍ਰਸ਼ਨ ਤਿਆਰ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਹਰ ਰੋਜ਼ ਪੰਜ ਪੰਜ ਪ੍ਰਸ਼ਨ, ਸਮੇਤ ਉੱਤਰ ਇਕ ਪੀ.ਡੀ.ਐਫ. ਫ਼ਾਈਲ ਰਾਹੀਂ ਜ਼ਿਲ੍ਹੇ ਦੇ ਸਮੂਹ ਕਰੀਅਰ ਅਧਿਆਪਕਾਂ ਨੂੰ ਮੋਬਾਈਲ ਰਾਹੀਂ ਵਟਸਐਪ ਦੇ ਗਰੁਪ ਬਣਾ ਕੇ ਇਕ ਦਿਨ ਪਹਿਲਾਂ ਹੀ ਸ਼ਾਮ ਸਮੇਂ ਭੇਜੇ ਜਾਣਗੇ। ਕਰੀਅਰ ਅਧਿਆਪਕ ਉਨ੍ਹਾਂ ਪ੍ਰਸ਼ਨਾਂ ਨੂੰ ਨੋਟ ਕਰ ਕੇ ਅਗਲੇ ਦਿਨ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਬੋਲ ਕੇ ਦੱਸਣਗੇ। ਇਨ੍ਹਾਂ ਪ੍ਰਸ਼ਨਾਂ ਤੋਂ ਇਲਾਵਾ ਪੰਜਾਬ ਦੇ ਪ੍ਰਮੁੱਖ ਅਖ਼ਬਾਰਾਂ ਵਿੱਚੋ ਚਲੰਤ ਮਾਮਲਿਆਂ ਬਾਰੇ ਰੋਜ਼ਾਨਾ ਪੰਜ ਖਬਰਾਂ ਵੀ ਦੱਸਿਆਂ ਜਾਣਗੀਆ। ਇਸ ਤੋਂ ਮਗਰੋ ਇਹ ਪੰਜ ਪ੍ਰਸਨ/ਉੱਤਰ ਅਤੇ ਪੰਜ ਖਬਰਾਂ (ਜੋ ਅੰਤਰਰਾਸ਼ਟਰੀ , ਰਾਸ਼ਟਰੀ ਮੁੱਦਿਆ, ਸਾਇੰਸ ਦੀ ਤਰੱਕੀ, ਖੇਡਾਂ, ਮਹਾਨ ਸ਼ਖਸ਼ੀਅਤਾਂ ਦੇ ਕਾਰਜਾਂ ਆਦਿ ਬਾਰੇ ਹੋ ਸਕਦੀਆਂ) ਨੂੰ ਕੈਰੀਅਰ ਅਧਿਆਪਕਾਂ ਵੱਲੋਂ ਸਕੂਲ ਬੋਰਡ 'ਤੇ ਲਿਖਵਾਇਆ ਜਾਵੇਗਾ।
ਉਨ੍ਹਾਂ ਦਸਿਆ ਹਫ਼ਤੇ ਦੇ ਆਖ਼ਰੀ ਦਿਨ ਵਿਦਿਆਰਥੀਆਂ ਦਾ ਕਲਾਸ ਵਾਈਜ ਟੈਸਟ ਲਿਆ ਜਾਵੇਗਾ। ਸੱਭ ਤੋਂ ਵੱਧ ਠੀਕ ਉੱਤਰ ਦੇਣ ਵਾਲੇ ਹਰ ਕਲਾਸ ਦੇ ਇਕ-ਇਕ ਵਿਦਿਆਰਥੀ ਨੂੰ ਇਸ ਹਫ਼ਤੇ ਦਾ ਸਿਤਾਰਾ ਐਲਾਨਿਆ ਜਾਵੇਗਾ। ਜਨਵਰੀ 2018 ਦੇ ਪਹਿਲੇ ਹਫ਼ਤੇ ਇਨ੍ਹਾਂ ਗਰੁਪਾਂ ਦਾ ਸਕੂਲ ਪੱਧਰ 'ਤੇ ਲਿਖਤੀ ਟੈਸਟ ਲਿਆ ਜਾਵੇਗਾ ਅਤੇ ਪਹਿਲੀਆ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ। ਇਸ ਪ੍ਰਾਜੈਕਟ ਅਧੀਨ ਜਨਵਰੀ 2018 ਵਿਚ ਬਲਾਕ ਪਧਰੀ ਮੁਕਾਬਲੇ ਕਰਵਾਏ ਜਾਣਗੇ ਅਤੇ ਪਹਿਲੇ ਸਥਾਨ 'ਤੇ ਰਹਿਣ ਵਾਲਾ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲਵੇਗਾ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪਹਿਲੀਆਂ ਤਿੰਨ ਪੁਜਿਸਨਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੁੰ ਵਿਸੇਸ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ।
'ਗਿਆਨ ਅੰਜਨੁ' ਪ੍ਰਾਜੈਕਟ ਦੇ ਚੇਅਰਪਰਸ਼ਨ ਡਿਪਟੀ ਕਮਿਸ਼ਨਰ ਹੋਣਗੇ।