ਛੇੜਛਾੜ ਤੋਂ ਪਹਿਲਾਂ ਵਿਕਾਸ ਬਰਾਲਾ ਤੇ ਉਸ ਦੇ ਸਾਥੀ ਨੇ ਪੀਤੀ ਸੀ ਸ਼ਰਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਛੇੜਛਾੜ ਮਾਮਲੇ ਵਿਚ ਇਕ ਹੋਰ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ। ਪੁਲਿਸ ਅਨੁਸਾਰ ਇਹ ਸੀ.ਸੀ.ਟੀ.ਵੀ. ਫੁਟੇਜ 4 ਅਗੱਸਤ ਦੀ ਰਾਤ ਦਾ ਹੈ, ਜਦੋਂ ਵਿਕਾਸ ਬਰਾਲਾ

Vikas Barala

ਚੰਡੀਗੜ੍ਹ, 11 ਅਗੱਸਤ (ਅੰਕੁਰ): ਚੰਡੀਗੜ੍ਹ ਛੇੜਛਾੜ ਮਾਮਲੇ ਵਿਚ ਇਕ ਹੋਰ  ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ। ਪੁਲਿਸ ਅਨੁਸਾਰ ਇਹ ਸੀ.ਸੀ.ਟੀ.ਵੀ. ਫੁਟੇਜ 4 ਅਗੱਸਤ ਦੀ ਰਾਤ ਦਾ ਹੈ, ਜਦੋਂ ਵਿਕਾਸ ਬਰਾਲਾ ਦੇ ਦੋਸਤ ਅਸ਼ੀਸ਼ ਨੇ ਚੰਡੀਗੜ੍ਹ ਦੇ ਸੈਕਟਰ-9 ਦੀ ਮਾਰਕਿਟ ਤੋਂ ਸ਼ਰਾਬ ਖ਼ਰੀਦੀ ਅਤੇ ਉਸ ਤੋਂ ਬਾਅਦ ਦੋਨਾਂ ਨੇ ਵਰਨਿਕਾ ਦਾ ਪਿੱਛਾ ਕੀਤਾ। ਸੀ.ਸੀ.ਟੀ.ਵੀ. ਫੁਟੇਜ ਵਿਚ ਵੇਖਿਆ ਜਾ ਸਕਦਾ ਹੈ ਕਿ ਨੀਲੇ ਰੰਗ ਦੀ ਟੀ-ਸ਼ਰਟ ਅਤੇ ਨੀਲੀ ਲੋਅਰ ਵਿਚ ਵਿਖਾਈ ਦੇ ਰਿਹਾ ਇਹ ਸ਼ਖ਼ਸ ਅਸ਼ੀਸ਼ ਹੈ। 
ਸੀ.ਸੀ.ਟੀ.ਵੀ. ਸਾਬਤ ਕਰਦਾ ਹੈ ਕਿ ਘਟਨਾ ਤੋਂ ਪਹਿਲਾਂ ਦੋਨਾਂ ਨੇ ਸ਼ਰਾਬ ਪੀਤੀ ਸੀ: ਸੂਤਰਾਂ ਅਨੁਸਾਰ ਪੁਲਿਸ ਕੋਲ ਜਿਹੜੀ ਸੀ.ਸੀ.ਟੀ.ਵੀ. ਫੁਟੇਜ ਹੈ, ਉਸ 'ਚ ਇਹ ਪਤਾ ਨਹੀਂ ਲੱਗ ਰਿਹਾ ਹੈ ਕਿ ਬਲੈਕ ਤੇ ਵਾਈਟ ਗੱਡੀ ਕਿਸ ਕੰਪਨੀ ਦੀ ਹੈ ਤੇ ਉਸ 'ਤੇ ਨੰਬਰ ਕੀ ਲੱਗਾ ਹੋਇਆ ਹੈ। ਸੀ.ਸੀ.ਟੀ.ਵੀ. ਫੁਟੇਜ ਸਾਫ਼ ਨਾ ਹੋਣ ਕਾਰਨ ਕੀ ਚੰਡੀਗੜ੍ਹ ਪੁਲਿਸ ਆਈ.ਏ.ਐਸ. ਦੀ ਬੇਟੀ ਦਾ ਪਿੱਛਾ ਕਰਨਾ, ਜ਼ਬਰਦਸਤੀ ਰਾਹ ਰੋਕਣਾ ਤੇ ਅਗਵਾ ਕਰਨ ਦੇ ਯਤਨ ਦਾ ਕੇਸ ਅਦਾਲਤ 'ਚ ਸਾਬਤ ਕਰ ਸਕੇਗੀ? ਇਸ ਤੋਂ ਪਹਿਲਾ ਚੰਡੀਗੜ੍ਹ ਪੁਲਿਸ ਨੇ ਦੇਰ ਰਾਤ ਪੂਰੇ ਘਟਨਾਕ੍ਰਮ 'ਤੇ ਦੁਬਾਰਾ ਜਾਂਚ ਕੀਤੀ ਅਤੇ ਅਪਣੇ ਨਾਲ ਵਿਕਾਸ ਅਤੇ ਅਸ਼ੀਸ਼ ਨੂੰ ਲੈ ਕੇ ਗਏ। 
ਇਹ ਵੀ ਜਾਣਕਾਰੀ ਮਿਲੀ ਹੈ ਕਿ ਵਾਰਦਾਤ ਵਾਲੇ ਦਿਨ ਜਦ ਉਨ੍ਹਾਂ ਦੋਨਾਂ ਨੂੰ ਪੁਲਿਸ ਨੇ ਦਬੋਚਿਆ ਤਾਂ ਉਨ੍ਹਾਂ ਨਾ ਕੇਵਲ ਉਨ੍ਹਾਂ ਨੂੰ ਧਮਕਾਇਆ, ਸਗੋਂ ਪਿਤਾ ਦੀ ਸ਼ਕਤੀ ਦਾ ਰੋਹਬ ਦਿਖਾਉਂਦੇ ਹੋਏ ਵਰਦੀ ਤਕ ਉਤਰਵਾਉਣ ਦੀ ਚਿਤਾਵਨੀ ਦਿਤੀ। ਫਿਰ ਵੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਦੂਜੇ ਪਾਸੇ ਇਸ ਛੇੜਛਾੜ ਮਾਮਲੇ ਤੋਂ ਬਾਅਦ ਇਕ ਪ੍ਰੋਗਰਾਮ ਲਈ ਬੀਜੇਪੀ ਨੇ ਸ਼ਹਿਰ ਵਿਚ ਪੋਸਟਰ ਲਗਾਏ ਹਨ ਪਰ ਇਸ ਪੋਸਟਰਾਂ ਤੋਂ ਹਰਿਆਣਾ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਦੀ ਤਸਵੀਰ ਗਾਇਬ ਹੈ। ਪੋਸਟਰਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਕੈਬਨਿਟ ਮੰਤਰੀ ਰਾਵ ਨਰਬੀਰ ਦੀਆਂ ਤਸਵੀਰਾਂ ਲਗਾਈ ਗਈਆਂ ਹਨ। ਬਰਾਲਾ ਦੇ ਪੋਸਟਰਾਂ ਤੋਂ ਗ਼ਾਇਬ ਹੋਣ ਦੀ ਖ਼ਬਰ ਜਿਵੇਂ ਹੀ ਸਿਹਤ ਅਤੇ ਖੇਡ ਮੰਤਰੀ ਅਨਿਲ ਵਿੱਜ ਤਕ ਪਹੁੰਚੀ ਤਾਂ ਉਨ੍ਹਾਂ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਮਨਾਂ ਕੀਤਾ, ਨਾਲ ਹੀ ਕਿਹਾ ਕਿ ਜੇ ਅਜਿਹਾ ਹੋਇਆ ਤਾਂ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਹੈ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।
ਸੁਰਖੀਆਂ ਵਿਚ ਆਏ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੀ ਕੁਰਸੀ 'ਤੇ ਹੁਣ ਭਾਜਪਾ ਵਿਚ ਵੀ ਅੰਦਰੂਨੀ ਸਿਆਸਤ ਕਾਫ਼ੀ ਗਰਮਾ ਗਈ ਹੈ।  ਬਰਾਲਾ ਦੇ ਜਲਦੀ ਅਸਤੀਫ਼ਾ ਦੇਣ ਦੀਆਂ ਅਫ਼ਵਾਹਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਤਾਂ ਉਥੇ ਹੀ ਨਵੇਂ ਸੂਬਾ ਪ੍ਰਧਾਨ ਦੇ ਨਾਵਾਂ ਦੀ ਸੂਚੀ 'ਤੇ ਵੀ ਚਰਚਾ ਹੁੰਦੀ ਰਹੀ।