ਪਟਿਆਲਾ ਨੂੰ ਭੀਖ ਮੁਕਤ ਸ਼ਹਿਰ ਬਣਾਵਾਂਗੇ: ਪ੍ਰਨੀਤ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭੀਖ ਮੰਗਣਾ ਨਾ ਕੇਵਲ ਇਕ ਸ਼ਰਾਪ ਹੈ ਬਲਕਿ ਸਮਾਜ ਵਿਚ ਇਹ ਇਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਪੀੜ੍ਹੀ ਦਰ ਪੀੜ੍ਹੀ ਫੈਲਦੀ ਰਹਿੰਦੀ ਹੈ ਅਤੇ ਸਮਾਜ ਨੂੰ ਨਾਕਾਰਾਤਮਕ ਤਰੀਕੇ ਨਾਲ

Parneet Kaur

 

ਪਟਿਆਲਾ, 12 ਅਗੱਸਤ (ਰਣਜੀਤ ਰਾਣਾ ਰੱਖੜਾ): ਭੀਖ ਮੰਗਣਾ ਨਾ ਕੇਵਲ ਇਕ ਸ਼ਰਾਪ ਹੈ ਬਲਕਿ ਸਮਾਜ ਵਿਚ ਇਹ ਇਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਪੀੜ੍ਹੀ ਦਰ ਪੀੜ੍ਹੀ ਫੈਲਦੀ ਰਹਿੰਦੀ ਹੈ ਅਤੇ ਸਮਾਜ ਨੂੰ ਨਾਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਇਸ ਲਈ ਜਿੰਨੇ ਕਸੂਰਵਾਰ ਉਹ ਲੋਕੀਂ ਹਨ ਜਿਹੜੇ ਕਿ ਭੀਖ ਮੰਗਦੇ ਹਨ ਓਨੇ ਹੀ ਉਹ ਲੋਕੀਂ ਵੀ ਹਨ ਜਿਹੜੇ ਕਿ ਭੀਖ ਦਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਹ ਐਨ.ਜੀ.ਓਜ਼. ਦੇ ਸਹਿਯੋਗ ਨਾਲ ਪਟਿਆਲਾ ਸ਼ਹਿਰ ਨੂੰ ਜਲਦੀ ਹੀ ਭੀਖ ਮੁਕਤ ਸ਼ਹਿਰ ਬਣਾਉਣਗੇ।
ਪਰਨੀਤ ਕੌਰ ਨੇ ਮਾਲ ਰੋਡ 'ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਹਰ ਹਾਥ ਕਲਮ ਅਤੇ ਹੋਰ ਕਈ ਸਵੈ ਸੇਵੀ ਸੰਸਥਾਵਾਂ ਵਲੋਂ ਪਟਿਆਲਾ ਨੂੰ ਭੀਖ ਮੁਕਤ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੇਂਦਰੀ ਲਾਇਬਰੇਰੀ, ਕਾਲੀ ਮਾਤਾ ਮੰਦਰ ਤੋਂ ਲੈ ਕੇ ਫੁਹਾਰਾ ਚੌਕ ਤਕ ਸਕੂਲੀ ਬੱਚਿਆਂ ਦੀ ਬਣਾਈ ਗਈ ਇਕ ਵਿਸ਼ਾਲ ਮਨੁੱਖੀ ਚੇਨ ਨੂੰ ਓਮੈਕਸ ਮਾਲ ਦੇ ਸਾਹਮਣੇ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਪ੍ਰਸ਼ਾਸਨ ਸ਼ਹਿਰ ਨੂੰ ਭੀਖ ਮੁਕਤ ਬਣਾਉਣ ਲਈ ਕਾਫ਼ੀ ਯਤਨ ਕਰ ਰਿਹਾ ਹੈ। ਪਰ ਇਹ ਯਤਨ ਤਾਂ ਹੀ ਸਿਰੇ ਚੜ੍ਹ ਸਕਦੇ ਹਨ ਜੇਕਰ ਲੋਕੀਂ ਵੀ ਇਸ ਵਿਚ ਸ਼ਾਮਲ ਹੋਣ।
ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਕਿਸੇ ਮੰਗਤੇ ਨੂੰ ਭੀਖ ਦਿੰਦੇ ਹਾਂ ਤਾਂ ਅਸੀਂ ਉਸ ਦੇ ਪਰਵਾਰ ਦੇ ਭਵਿੱਖ ਦਾ ਵੀ ਨੁਕਸਾਨ ਕਰਦੇ ਹਾਂ ਕਿਉਂਕਿ ਉਸ ਦੀ ਅਗਲੀ ਪੀੜ੍ਹੀ ਵੀ ਮੰਗਣ ਦੇ ਕੰਮ ਨੂੰ ਹੀ ਅਪਣਾ ਮੁੱਖ ਕਿੱਤਾ ਸਮਝਦੀ ਹੈ। ਉਹ ਨਾ ਤਾਂ ਸਾਫ਼ ਸੁਥਰੀ ਜਗ੍ਹਾ ਵਿਚ ਰਹਿੰਦੇ ਹਨ ਅਤੇ ਨਾ ਹੀ ਸਿਹਤਮੰਦ ਤੇ ਤੰਦਰੁਸਤ ਜੀਵਨ ਜਿਊਂਦੇ ਹਨ।
ਦੂਜੇ ਪਾਸੇ ਅੱਜ ਸਾਰਾ ਦਿਨ ਗਰਮੀ ਅਤੇ ਹੁੰਮਸ ਦੇ ਬਾਵਜੂਦ 9 ਹਜ਼ਾਰ ਤੋਂ ਵੱਧ ਸਕੂਲੀ ਬੱਚਿਆਂ ਨੇ ਇਕ ਵਿਸ਼ਾਲ ਮਨੁੱਖੀ ਚੇਨ ਬਣਾ ਕੇ ਸ਼ਹਿਰ ਨੂੰ ਭੀਖ ਮੁਕਤ ਬਣਾਉਣ ਦੀ ਲੋਕਾਂ ਨੂੰ ਅਪੀਲ ਕੀਤੀ। ਬੱਚਿਆਂ ਨੇ ਇਸ ਮੌਕੇ ਨਾ ਕੇਵਲ ਉਤਸ਼ਾਹ ਵਧਾਉਣ ਵਾਲੇ ਨਾਹਰੇ ਲਗਾਏ ਬਲਕਿ ਉਨ੍ਹਾਂ ਨੇ ਅਪਣੇ ਹੱਥਾਂ 'ਚ ਖੁਦ ਵਲੋਂ ਤਿਆਰ ਕੀਤੀਆਂ ਗਈਆਂ ਤਖ਼ਤੀਆਂ ਵੀ ਫੜ੍ਹੀਆਂ ਹੋਈਆਂ ਸਨ ਜਿਨ੍ਹਾਂ 'ਤੇ ਚਿੱਤਰਕਾਰੀ ਦੇ ਨਾਲ-ਨਾਲ ਅਪੀਲ ਭਰੇ ਸਲੋਗਨ ਲਿਖੇ ਹੋਏ ਸਨ। ਇਨ੍ਹਾਂ ਬੱਚਿਆਂ ਵਿਚ ਉਹ ਦਿਵਿਆਂਗ ਬੱਚੇ ਵੀ ਸਨ ਜਿਹੜੇ ਕਿ ਬੋਲ ਅਤੇ ਸੁਣ ਨਹੀਂ ਸਕਦੇ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐਸ.ਐਸ.ਪੀ. ਡਾ: ਐਸ.ਭੂਪਤੀ ਨੇ ਇਸ ਮਨੁੱਖੀ ਚੇਨ ਦੀ ਸ਼ੁਰੂਆਤ ਸਵੇਰੇ ਲਗਭਗ 9.00 ਵਜੇ ਕੀਤੀ ਅਤੇ ਇਹ ਪ੍ਰੋਗਰਾਮ ਦੇਰ ਸ਼ਾਮ ਤਕ ਜਾਰੀ ਰਿਹਾ। ਮਾਲ ਰੋਡ 'ਤੇ ਸੈਂਟਰਲ ਲਾਇਬਰੇਰੀ ਤੋਂ ਫੁਹਾਰਾ ਚੌਕ ਤਕ ਇਹ ਮਨੁੱਖੀ ਚੇਨ ਬਿਨਾਂ ਟੁੱਟੇ ਦੇਰ ਸ਼ਾਮ ਤਕ ਚਲਦੀ ਰਹੀ ।
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਭੀਖ ਮੰਗਣ ਵਾਲੇ 70 ਬੱਚਿਆਂ ਨੂੰ ਵੱਖ-ਵੱਖ ਸਕੂਲਾਂ ਦੀਆਂ ਸਮਾਰਟ ਕਲਾਸਾਂ ਵਿਚ ਪੜ੍ਹਾਇਆ ਜਾ ਰਿਹਾ ਹੈ ਅਤੇ ਕੋਸ਼ਿਸ ਹੋਵੇਗੀ ਕਿ ਵੱਧ ਤੋਂ ਵੱਧ ਭੀਖ ਮੰਗਣ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰ ਕੇ ਸਕੂਲਾਂ ਵਿਚ ਲਿਆਂਦਾ ਜਾਵੇ, ਨਾਲ ਹੀ ਉਨ੍ਹਾਂ ਇਹ ਚੇਤਾਵਨੀ ਵੀ ਜਾਰੀ ਕੀਤੀ ਕਿ ਭੀਖ ਮੰਗਣ ਅਤੇ ਭੀਖ ਮੰਗਵਾਉਣ ਵਾਲਿਆਂ ਦੇ ਵਿਰੁਧ ਪੁਲਿਸ ਦਾ ਐਂਟੀਬੈਗਿੰਗ ਸਕੁਐਡ ਲਗਾਤਾਰ ਕਾਨੂੰਨੀ ਕਾਰਵਾਈ ਕਰਦਾ ਰਹੇਗਾ। ਹਰ ਹਾਥ ਕਲਮ ਅਤੇ ਹੋਰ ਕਈ ਸੰਸਥਾਵਾਂ ਦੇ ਸਹਿਯੋਗ ਨਾਲ 'ਸ਼ੋਰ-ਤੂੰ ਬੰਦਨ ਤੋੜ ਇਨ ਸਿੱਕੋਂ ਕਾ' ਦੇ ਰੰਗਾ ਰੰਗਪ੍ਰੋਗਰਾਮ ਨੂੰ ਸ਼ਹਿਰ ਵਾਸੀਆਂ ਨੇ ਵੀ ਬਹੁਤ ਪਸੰਦ ਕੀਤਾ।

 

ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੇ ਛੋਟੇ-ਛੋਟੇ ਗਰੁਪਾਂ ਵਿਚ ਪੀ. ਆਰ.ਟੀ.ਸੀ. ਦੀਆਂ ਬਸਾਂ ਵਿਚ ਜਾ ਕੇ ਭੀਖ ਮੰਗ ਕੇ ਲੋਕਾਂ ਨੂੰ ਜਾਗਰੂਕ ਕੀਤਾ। ਸ਼ਾਪਿੰਗ ਮਾਲ ਦੇ ਬਾਹਰ ਬੱਚਿਆਂ ਨੇ ਸਾਰਾ ਦਿਨ ਸਕਿੱਟ ਅਤੇ ਨੁੱਕੜ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਿਸ ਰਾਹੀਂ ਲੋਕਾਂ ਨੂੰ ਭੀਖ ਨਾ ਦੇਣ ਬਾਰੇ ਜਾਗਰੂਕ ਕੀਤਾ। ਇਸੇ ਪ੍ਰੋਗਰਾਮ ਦੀ ਸਮਾਪਤੀ ਮੌਕੇ ਓਮੈਕਸ ਮਾਲ ਵਿਖੇ ਆਈ.ਜੀ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐਸ.ਐਸ.ਪੀ. ਡਾ. ਐਸ. ਭੂਪਤੀ ਦੀ ਹਾਜ਼ਰੀ ਵਿਚ ਸਕੂਲੀ ਬੱਚਿਆਂ ਵਲੋਂ ਭੀਖ ਦੇ ਖ਼ਾਤਮੇ ਵਾਲੇ ਸਲੋਗਨਾਂ ਵਾਲੇ 6 ਹਜ਼ਾਰ ਗੁਬਾਰੇ ਛੱਡੇ ਗਏ।
ਇਸ ਮੌਕੇ ਪੀ.ਆਰ.ਟੀ.ਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ, ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕਿਸ਼ਨਪੁਰੀ, ਨਗਰ ਨਿਗਮ ਵਿਖੇ ਵਿਰੋਧੀ ਧਿਰ ਦੇ ਆਗੂ ਸੰਜੀਵ ਬਿੱਟੂ ਸ਼ਰਮਾ, ਬਲਾਕ ਪ੍ਰਧਾਨ ਕੇ.ਕੇ. ਮਲਹੋਤਰਾ, ਬਲਾਕ ਪ੍ਰਧਾਨ ਨਰੇਸ਼ ਦੁੱਗਲ ਅਤੇ ਆਈ.ਜੀ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ. ਡਾ.ਐਸ. ਭੂਪਤੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ੌਕਤ ਅਹਿਮਦ ਪਰੇ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਅਨੀਤਾਪ੍ਰੀਤ ਕੌਰ, ਐਸ.ਪੀ. ਸਿਟੀ ਕੇਸਰ ਸਿੰਘ, ਜ਼ਿਲ੍ਹਾ ਬਾਲ ਵਿਕਾਸ ਅਧਿਕਾਰੀ ਸ਼ਾਇਨਾ ਕਪੂਰ ਅਤੇ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਵੱਡੀ ਗਿਣਤੀ ਵਿਚ ਸਕੂਲਾਂ ਦੇ ਅਧਿਆਪਕ ਤੇ ਬੱਚੇ ਵੀ ਮੌਜੂਦ ਸਨ।