ਪੰਜਾਬ 'ਚ ਕਾਂਗਰਸ ਨੂੰ 'ਆਪ' ਨਾਲ ਸਮਝੌਤੇ ਦੀ ਲੋੜ ਨਹੀਂ: ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

12 ਹਜ਼ਾਰ ਰੁਪਏ ਮਹੀਨਾ ਗ਼ਰੀਬਾਂ ਨੂੰ ਆਰਥਕ ਰਾਹਤ ਦਾ ਐਲਾਨ, ਰਾਹੁਲ ਦਾ ਇਤਿਹਾਸਕ ਕਦਮ

Sunil Jakhar

ਚੰਡੀਗੜ੍ਹ : ਪੰਜਾਬ ਵਿਚ 'ਆਪ' ਨਾਲ ਚੋਣ ਸਮਝੌਤੇ ਸਬੰਧੀ ਅਜੇ ਕੋਈ ਗੱਲ ਨਹੀਂ ਚਲ ਰਹੀ। ਜਿਥੋਂ ਤਕ ਦਿੱਲੀ ਚੋਣਾਂ ਸਬੰਧੀ 'ਆਪ' ਨਾਲ ਸਮਝੌਤੇ ਦੀ ਗੱਲ ਦਾ ਸਬੰਧ ਹੈ, ਅਜੇ ਤਕ ਕੋਈ ਫ਼ੈਸਲਾ ਨਹੀਂ ਹੋਇਆ। ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਵਿਚ ਕਾਂਗਰਸ, ਆਪ ਨਾਲ ਕਿਸੀ ਗਠਜੋੜ ਦੇ ਹੱਕ ਵਿਚ ਨਹੀਂ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਨ ਨੂੰ ਪੰਜਾਬ ਦੀ ਸਥਿਤੀ ਤੋਂ ਜਾਣੂੰ ਕਰਵਾ ਦਿਤਾ ਹੈ।

ਸੰਘਰਸ਼ ਕਰ ਰਹੇ ਗੰਨਾ ਕਿਸਾਨਾਂ ਦੇ ਮੁੱਦੇ 'ਤੇ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਲਈ ਯਤਨ ਕਰ ਰਹੀ ਹੈ। ਛੇਤੀ ਹੀ ਅਦਾਇਗੀ ਕਰ ਦਿਤੀ ਜਾਵੇਗੀ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਫ਼ਿਰੋਜ਼ਪੁਰ ਹਲਕੇ ਤੋਂ ਚੋਣ ਲੜਨ ਦੀ ਚੁਨੌਤੀ ਦਿਤੀ ਹੈ ਤਾਂ ਜਾਖੜ ਨੇ ਕਿਹਾ ਕਿ ਉਹ ਅਬੋਹਰ ਹਲਕੇ ਤੋਂ ਹਾਰ ਗਏ ਸਨ ਤੇ ਲੋਕਾਂ ਦਾ ਫ਼ੈਸਲਾ ਪ੍ਰਵਾਨ ਕਰ ਲਿਆ ਸੀ। ਪ੍ਰੰਤੂ ਸੁਖਬੀਰ ਬਾਦਲ ਦਾ ਹੰਕਾਰ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦੀ ਹਾਲਤ ਇਹ ਹੋ ਗਈ ਹੈ ਕਿ ਹੁਣ ਉਸ ਨੂੰ ਅਪਣਾ ਗਾਤਰਾ ਜਨਤਾ ਦੀ ਤਸੱਲੀ ਲਈ ਵਿਖਾਉਣਾ ਪੈ ਰਿਹਾ ਹੈ। 

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ 5 ਕਰੋੜ ਗ਼ਰੀਬ ਪਰਵਾਰਾਂ ਨੂੰ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਹੈ ਉਹ ਇਕ ਇਤਿਹਾਸਕ ਕਦਮ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇਥੇ ਪ੍ਰੈਸ ਕਾਨਫ਼ਰੰਸ ਵਿਚ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਗ਼ਰੀਬਾਂ ਨੂੰ ਉਪਰ ਉਠਾਉਣ ਲਈ  ਪਹਿਲਾਂ ਬੈਂਕਾਂ ਦਾ ਕੌਮੀਕਰਨ ਕੀਤਾ, ਫਿਰ ਮਨਰੇਗਾ ਵਰਗੀ ਸਕੀਮ ਲਿਆਂਦੀ ਅਤੇ ਹੁਣ ਗ਼ਰੀਬ ਪਰਵਾਰਾਂ ਨੂੰ 12 ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਤਾਂ ਬੈਂਕਾਂ ਦਾ ਲੱਖਾਂ ਕਰੋੜਾਂ ਰੁਪਿਆ ਅਮੀਰ ਘਰਾਣਿਆਂ ਅਤੇ ਕੰਪਨੀਆਂ ਨੂੰ ਲੁਟਾ ਰਹੇ ਹਨ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ 20 ਕਰੋੜ ਗ਼ਰੀਬਾਂ ਨੂੰ 12 ਹਜ਼ਾਰ ਰੁਪਏ ਮਹੀਨਾ ਦੇਣ ਲਈ ਧਨ ਕਿਥੋਂ ਆਵੇਗਾ। ਜੇਕਰ ਇਹ ਸਰਕਾਰੀ ਖ਼ਜ਼ਾਨੇ ਵਿਚੋਂ ਦਿਤਾ ਜਾਣਾ ਹੈ ਤਾਂ ਆਮ ਲੋਕਾਂ ਵਲੋਂ ਟੈਕਸਾਂ ਵਜੋਂ ਦਿਤਾ ਧਨ ਹੈ। ਜਾਖੜ ਨੇ ਕਿਹਾ ਕਿ ਜੇਕਰ ਵੱਡੀਆਂ ਕੰਪਨੀਆਂ ਨੂੰ ਲੱਖਾਂ ਕਰੋੜਾਂ ਰੁਪਏ ਦਿਤਾ ਜਾ ਰਿਹਾ ਹੈ ਤਾਂ ਗ਼ਰੀਬਾਂ ਨੂੰ ਕਿਉਂ ਨਹੀਂ ਦਿਤਾ ਜਾ ਸਕਦਾ।

ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਇਹ ਇਤਿਹਾਸਕ ਫ਼ੈਸਲਾ ਕਾਂਗਰਸ ਲਈ ਨੁਕਸਾਨਦੇਹ ਤਾਂ ਨਹੀਂ ਬਣ ਜਾਵੇਗਾ ਕਿਉਂਕਿ ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਹੋਇਆ ਅਤੇ ਹੋਰ ਲੋਕ ਵੀ ਇਹ ਮਹਿਸੂਸ ਨਹੀਂ ਕਰਨਗੇ ਕਿ ਉਨ੍ਹਾਂ ਨੂੰ ਵੀ 12 ਹਜ਼ਾਰ ਰੁਪਏ ਮਹੀਨੇ ਦੀ ਰਾਹਤ ਕਿਉਂ ਨਹੀਂ ਦਿਤੀ ਜਾ ਰਹੀ। ਜਾਖੜ ਨੇ ਕਿਹਾ ਕਿ ਜੋ ਵੀ ਗ਼ਰੀਬ ਹੈ ਚਾਹੇ ਉਹ ਕੋਈ ਵੀ ਉਸ ਨੂੰ ਇਹ ਰਾਹਤ ਮਿਲੇਗੀ। ਜਾਖੜ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਮੰਤਰੀਆਂ ਇਹ ਆਦਤ ਹੈ ਕਿ ਪਹਿਲਾਂ ਉਹ ਕਾਂਗਰਸ ਦੇ ਸੁਝਾਅ ਨੂੰ ਸਵੀਕਾਰ ਨਹੀਂ ਕਰਦੇ ਅਤੇ ਬਾਅਦ ਵਿਚ ਉਸੀ ਸੁਝਾਅ ਨੂੰ ਪ੍ਰਵਾਨ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਲਾਗੂ ਕਰਨ ਸਮੇਂ ਵੀ ਕਾਂਗਰਸ ਨੇ ਇਹੋ ਸੁਝਾਅ ਦਿਤਾ ਸੀ ਕਿ ਵੱਧ ਤੋਂ ਵੱਧ ਤਿੰਨ ਸਲੈਬ ਰੱਖੀਆਂ ਜਾਣ ਅਤੇ 18 ਫ਼ੀ ਸਦੀ ਟੈਕਸ ਤੋਂ ਉਪਰ ਦੀ ਕੋਈ ਸਲੈਬ ਨਹੀਂ ਹੋਣੀ ਚਾਹੀਦੀ। ਉਸ ਸਮੇਂ ਤਾਂ ਕਾਂਗਰਸ ਦਾ ਸੁਝਾਅ ਮੰਨਿਆ ਨਹੀਂ ਅਤੇ ਹੁਣ ਤਿੰਨ ਸਲੈਬ ਵੀ ਕਰ ਦਿਤੀਆਂ ਅਤੇ ਵੱਧ ਤੋਂ ਟੈਕਸ ਵੀ 18 ਫ਼ੀ ਸਦੀ ਰਖਿਆ ਗਿਆ ਹੈ।

ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜੋ ਸਬਸਿਡੀਆਂ ਜਾਂ ਆਰਥਕ ਰਾਹਤ ਸਬੰਧੀ ਸਕੀਮਾਂ ਚਲ ਰਹੀਆਂ ਹਨ ਉਹ ਉਸੀ ਤਰ੍ਹਾਂ ਚਲਦੀਆਂ ਰਹਿਣਗੀਆਂ ਅਤੇ 12 ਹਜ਼ਾਰ ਰੁਪਏ ਮਾਸਕ ਦੀ ਰਾਹਤ ਵਖਰੀ ਹੋਵੇਗੀ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਜੇਕਰ ਗ਼ਰੀਬਾਂ ਨੂੰ ਕੋਈ ਰਾਹਤ ਦੇਣੀ ਹੈ ਤਾਂ ਉਨ੍ਹਾਂ ਨੂੰ ਕੰਮ ਕਿਉਂ ਨਹੀਂ ਦਿਤਾ ਜਾਂਦਾ। ਇਸ ਦਾ ਉਨ੍ਹਾਂ ਕੋਈ ਠੋਸ ਜਵਾਬ ਨਾ ਦਿਤਾ।