'ਬਰਮਿੰਘਮ-ਅੰਮ੍ਰਿਤਸਰ ਉਡਾਣ ਮੁੜ ਸ਼ੁਰੂ ਕੀਤੀ ਜਾਵੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਅਰਪੋਰਟ ਮਾਫ਼ੀਆ ਦੇ ਦਬਾਅ ਥੱਲੇ ਪੰਜਾਬੀ ਐਨ.ਆਰ.ਆਈਜ਼. ਨੂੰ ਪ੍ਰੇਸ਼ਾਨ ਕਰ ਰਹੀ ਹੈ ਮੋਦੀ ਸਰਕਾਰ : ਜੈ ਕਿਸ਼ਨ ਸਿੰਘ ਰੋੜੀ

International flights

ਚੰਡੀਗੜ੍ਹ : ਅੰਮ੍ਰਿਤਸਰ ਤੋਂ ਬਰਮਿੰਘਮ ਵਿਚਾਲੇ ਚਲਾਈ ਗਈ ਸਿੱਧੀ ਉਡਾਣ ਦੇ ਬੰਦ ਹੋਣ ਕਾਰਨ ਪੰਜਾਬ ਦੇ ਮੁਸਾਫ਼ਰ ਖ਼ਾਸ ਕਰ ਕੇ ਪੰਜਾਬੀ ਐਨ.ਆਰ.ਆਈਜ਼. ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਅਤੇ ਹਰੇਕ ਯਾਤਰੀ ਉੱਤੇ ਹਜ਼ਾਰਾਂ ਰੁਪਏ ਦਾ ਬੇਲੋੜਾ ਵਿੱਤੀ ਭਾਰ ਪੈ ਰਿਹਾ ਹੈ, ਕਿਉਂਕਿ ਦੂਰੀ ਵਧਣ ਨਾਲ ਸਮਾਂ ਅਤੇ ਪੈਸੇ ਦੀ ਬਰਬਾਦੀ ਸੁਭਾਵਿਕ ਹੈ। ਇਹ ਪ੍ਰਗਟਾਵਾ  ਆਮ ਆਦਮੀ ਪਾਰਟੀ (ਆਪ) ਦੇ ਐਨ.ਆਰ.ਆਈ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕੀਤਾ। 

ਰੋੜੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਰਾਜਧਾਨੀ ਦੇ ਹਵਾਈ ਅੱਡੇ ਨਾਲ ਜੁੜੇ ਕਾਰਪੋਰੇਟ ਘਰਾਣਿਆਂ ਅਤੇ ਬਹੁਭਾਂਤੀ ਮਾਫ਼ੀਆ ਦੀ ਸਰਪ੍ਰਸਤੀ ਕਰਨ ਦਾ ਦੋਸ਼ ਲਗਾਇਆ।  ਉਨ੍ਹਾਂ ਕਿਹਾ ਕਿ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਇੱਕ ਪਾਸੇ ਮੰਨ ਰਹੀ ਹੈ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਵਿਚਾਲੇ ਚਲਾਈ ਗਈ ਸਿੱਧੀ ਉਡਾਣ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਸੀ, ਦੂਜੇ ਪਾਸੇ ਬਾਲਾਕੋਟ ਹਵਾਈ ਹਮਲੇ ਉਪਰੰਤ ਪੈਦਾ ਹੋਏ ਤਣਾਅ ਦੌਰਾਨ 27 ਫ਼ਰਵਰੀ ਤੋਂ ਬੰਦ ਇਹ ਉਡਾਣ ਅਜੇ ਤੱਕ ਅੰਮ੍ਰਿਤਸਰ ਤੋਂ ਮੁੜ ਸ਼ੁਰੂ ਨਹੀਂ ਕੀਤੀ, ਜਦਕਿ ਹੁਣ ਭਾਰਤ ਪਾਕਿਸਤਾਨ ਸੀਮਾ ਉੱਤੇ ਕਾਫ਼ੀ ਸਮਾਂ ਪਹਿਲਾਂ ਹੀ ਹਾਲਾਤ ਆਮ ਵਰਗੇ ਹੋ ਚੁੱਕੇ ਹਨ।

ਰੋੜੀ ਨੇ ਕਿਹਾ ਕਿ ਹੁਣ ਸਿਰਫ਼ ਦਿੱਲੀ ਅਤੇ ਬਰਮਿੰਘਮ ਵਿਚਾਲੇ ਉੱਡ ਰਹੀ ਇਸ ਉਡਾਣ ਕਾਰਨ ਪੰਜਾਬ ਦੇ ਮੁਸਾਫ਼ਰ ਖ਼ਾਸ ਕਰ ਕੇ ਪੰਜਾਬੀ ਐਨ.ਆਰ.ਆਈਜ਼. ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਅਤੇ ਹਰੇਕ ਯਾਤਰੀ ਉੱਤੇ ਹਜ਼ਾਰਾਂ ਰੁਪਏ ਦਾ ਬੇਲੋੜਾ ਵਿੱਤੀ ਭਾਰ ਪੈ ਰਿਹਾ ਹੈ, ਕਿਉਂਕਿ ਦੂਰੀ ਵਧਣ ਨਾਲ ਵਕਤ ਅਤੇ ਪੈਸੇ ਦੀ ਬਰਬਾਦੀ ਸੁਭਾਵਿਕ ਹੈ। ਰੋੜੀ ਨੇ ਨਾ ਕੇਵਲ ਬਰਮਿੰਘਮ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਰੱਖੀ ਸਗੋਂ ਇੰਗਲੈਂਡ ਦੇ ਹੋਰਨਾਂ ਅੰਤਰਰਾਸ਼ਟਰੀ ਹਵਾਈ ਅੱਡਿਆਂ ਸਮੇਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਦੁਬਈ, ਸਿੰਗਾਪੁਰ, ਮਲੇਸ਼ੀਆ, ਸਾਉਦੀ ਅਰਬ ਅਤੇ ਹੋਰਨਾਂ ਯੂਰਪੀ ਮੁਲਕਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ।