ਲੌਕਡਾਊਨ ਦੌਰਾਨ ਵਿਆਹ ਕਰਨਾ ਪਿਆ ਮਹਿੰਗਾ, ਲਾੜਾ-ਲਾੜੀ ਸਮੇਤ 20 ‘ਤੇ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਅਤੇ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਦੇਸ਼ ਭਰ ਵਿਚ ਲੌਕਡਾਉਨ ਕੀਤਾ ਗਿਆ ਹੈ।

Photo

ਗੁਰਦਾਸਪੁਰ: ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਅਤੇ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਦੇਸ਼ ਭਰ ਵਿਚ ਲੌਕਡਾਉਨ ਕੀਤਾ ਗਿਆ ਹੈ। ਇਸ ਦੇ ਕਾਰਨ ਸਰਕਾਰ ਨੇ ਵਿਆਹ, ਪਾਰਟੀਆਂ ਅਤੇ ਸਮਾਗਮ ਆਦਿ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਵੀ ਕੁਝ ਲੋਕ ਬਾਜ਼ ਨਹੀਂ ਆ ਰਹੇ ਹਨ।

ਅਜਿਹੇ ਹੀ ਇਕ ਮਾਮਲੇ ਵਿਚ ਪੁਲਿਸ ਨੇ ਗੁਰਦਾਸਪੁਰ ਤੋਂ ਰਸਤੇ ਵਿਚ ਪਰਤ ਰਹੀ ਇਕ ਬਰਾਤ ਨੂੰ ਰੋਕਿਆ ਅਤੇ ਲਾੜਾ-ਲਾੜੀ ਸਮੇਤ 20 ਬਰਾਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਟਾਂਡਾ ਪੁਲਿਸ ਨੇ ਬਰਾਤ ਨੂੰ ਉਸ ਸਮੇਂ ਰੋਕ ਲਿਆ ਜਦੋਂ ਉਹ ਲੌਕਡਾਉਨ ਦੌਰਾਨ ਵਿਆਹ ਤੋਂ ਪਰਤ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਬਰਾਤ ਗੁਰਦਾਸਪੁਰ ਤੋਂ ਹੁਸ਼ਿਆਰਪੁਰ ਹੁੰਦੇ ਹੋਏ ਲੁਧਿਆਣਾ ਜਾ ਰਹੀ ਸੀ। ਉਸ ਸਮੇਂ ਲਾੜੇ ਦੀ ਕਾਰ ਲਾੜੀ ਨੂੰ ਲੈ ਕੇ ਵਾਪਸ ਆ ਰਹੀ ਸੀ। ਉਸ ਦੇ ਨਾਲ ਪੰਜ ਹੋਰ ਵਾਹਨਾਂ ਦਾ ਕਾਫਲਾ ਵੀ ਸੀ। ਉਹਨਾਂ ਦੇ ਨਾਲ ਵਾਹਨ ਦੇ ਕਾਫਲੇ ਵਿਚ 20 ਲੋਕ ਸਵਾਰ ਸਨ ਜੋ ਵਿਆਹ ਦੀ ਪਾਰਟੀ ਵਜੋਂ ਵਿਆਹ ਵਿਚ ਸ਼ਾਮਲ ਹੋਣ ਲਈ ਗਏ ਸਨ।

ਦੇਸ਼ ਵਿਚ ਕਰਫਿਊ ਲਗਾਉਣ ਤੋਂ ਬਾਅਦ ਹੁਸ਼ਿਆਰਪੁਰ ਦੀ ਟਾਂਡਾ ਪੁਲਿਸ ਹਰ ਪਾਸੇ ਪਹਿਰੇਦਾਰੀ ਕਰ ਰਹੀ ਹੈ। ਜਦੋਂ ਪੁਲਿਸ ਨੇ ਲਾੜਾ-ਲਾੜੀ ਅਤੇ ਉਨ੍ਹਾਂ ਦੇ ਕਾਫਲੇ ਨੂੰ ਆਉਂਦੇ ਵੇਖਿਆ ਤਾਂ ਉਨ੍ਹਾਂ ਰਸਤੇ ਵਿਚ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਪੁਲਿਸ ਨੇ 20 ਜਣਿਆ ਖਿਲਾਫ਼ ਆਦੇਸ਼ਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਦੱਸ ਦੇਈਏ ਕਿ ਲਾਕਡਾਉਨ ਦੌਰਾਨ ਕਿਸੇ ਨੂੰ ਵੀ ਆਉਣ-ਜਾਣ ਦੀ ਆਗਿਆ ਨਹੀਂ ਹੈ। ਇਸ ਦੇ ਨਾਲ ਹੀ ਸਾਰੇ ਜਨਤਕ ਪ੍ਰੋਗਰਾਮ ਬੰਦ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਵਿਆਹ ਸਮਾਗਮ ‘ਤੇ ਵੀ ਰੋਕ ਲਗਾਈ ਹੈ। ਪੂਰੇ ਇਲਾਕੇ ਵਿਚ ਧਾਰਾ 144 ਲਗਾਈ ਗਈ ਹੈ। ਇਸ ਦੇ ਬਾਵਜੂਦ ਵੀ ਲੋਕ ਲਾਪ੍ਰਵਾਹੀ ਵਰਤਾ ਰਹੇ ਹਨ।