ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਭਰ ਵਿਚ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਡਰੋਂ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲੇ।
ਮੁਹਾਲੀ- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਪੰਜਾਬ ਪੂਰਨ ਰੂਪ ਵਿਚ ਬੰਦ ਰਿਹਾ। ਬੰਦ ਦੌਰਾਨ ਕਿਸਾਨ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿਚ ਜਿੱਥ ਬਾਜ਼ਾਰ ਬੰਦ ਰਹੇ ਉਥੇ ਆਵਾਜਾਈ ਵੀ ਪੂਰੀ ਤਰਾਂ ਠੱਪ ਰਹੀ । ਇਸ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਬਾਜ਼ਾਰਾਂ ਦੇ ਨਾਲ-ਨਾਲ ਆਵਾਜਾਈ ਵੀ ਬੰਦ ਰਹੀ। ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਡਰੋਂ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲੇ।
ਅੰਮ੍ਰਿਤਸਰ ਦੀ ਮੈਟਰੋ ਬਸ ਸੇਵਾ ਰਹੀ ਬੰਦ
ਅੰਮ੍ਰਿਤਸਰ - ਕਿਸਾਨ ਜਥੇਬੰਦੀਆਂ ਵੱਲੋਂ ਦਿਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਅੰਮ੍ਰਿਤਸਰ ਵਿਚ ਚੱਲਣ ਵਾਲੀ ਪੰਜਾਬ ਦੀ ਪਹਿਲੀ ਮੈਟਰੋ ਬੱਸ ਸੇਵਾ ਵੀ ਪੂਰੀ ਤਰ੍ਹਾਂ ਨਾਲ ਬੰਦ ਰਹੀ। ਇਸ ਤੋਂ ਇਲਾਵਾ ਸ਼ਹਿਰ ਦੇ ਬਾਜ਼ਾਰ ਵੀ ਬੰਦ ਰਹੇ ਅਤੇ ਆਵਾਜਾਈ ਵੀ ਠੱਪ ਰਹੀ।
ਗਹਿਰੀ ਮੰਡੀ ’ਚ ਰੇਲ ਆਵਾਜਾਈ ਕੀਤੀ ਠੱਪ
ਜੰਡਿਆਲਾ ਗੁਰੂ- ਸੰਯੁਕਤ ਮੋਰਚੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਅਮਰਦੀਪ ਸਿੰਘ ਬਾਗੀ ਦੀ ਅਗਵਾਈ ਹੇਠ ਗਹਿਰੀ ਮੰਡੀ ਦੇ ਰੇਲਵੇ ਸਟੇਸ਼ਨ ਵਿਖੇ ਪਹੁੰਚ ਕੇ ਕਿਸਾਨਾਂ ਵੱਲੋਂ ਰੇਲ ਆਵਾਜਾਈ ਪੂਰਨ ਤੌਰ 'ਤੇ ਠੱਪ ਕੀਤੀ ਗਈ। ਇਸ ਮੌਕੇ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
Bharat Band
ਗੁਰਾਇਆ ਵਿਚ ਵੀ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ
ਗੁਰਾਇਆ- ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਨੂੰ ਗੁਰਾਇਆ ਅਤੇ ਆਸਪਾਸ ਭਰਵਾਂ ਹੁੰਗਾਰਾ ਮਿਲਿਆ। ਗੁਰਾਇਆ ਸ਼ਹਿਰ ਦਾ ਬਜ਼ਾਰ ਪੂਰੀ ਤਰਾਂ ਬੰਦ ਰਿਹਾ । ਕਿਸਾਨਾਂ ਤੋਂ ਇਲਾਵਾ ਮਜ਼ਦੂਰਾਂ,ਵਪਾਰੀਆਂ, ਟਰਾਂਸਪੋਰਟਰਾਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਵੱਲੋਂ ਬੰਦ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਸ਼ਰਾਬ ਦੇ ਠੇਕੇ ਵੀ ਪੂਰੀ ਤਰਾਂ ਬੰਦ ਰਹੇ । ਬੈਂਕਾਂ ’ਚ ਗਾਹਕ ਆਦਿ ਬਿਲਕੁਲ ਨਹੀਂ ਹਨ। ਨੈਸ਼ਨਲ ਹਾਈਵੇਅ ’ਤੇ ਵੀ ਆਵਾਜਾਈ ਨਾ-ਮਾਤਰ ਹੀ ਸੀ।
Bharat Bandh
ਗੜ੍ਹਸ਼ੰਕਰ ’ਚ ਵੀ ਬੰਦ ਨੂੰ ਮਿਲਿਆ ਭਰਵਾਂ ਸਮਰਥਨ
ਗੜ੍ਹਸ਼ੰਕਰ- ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਗੜ੍ਹਸ਼ੰਕਰ ਵਿਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ । ਕਿਸਾਨਾਂ ਨੇ ਇੱਥੋਂ ਦੇ ਨੰਗਲ ਚੌਕ ਵਿਚ ਧਰਨਾ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ । ਸ਼ਹਿਰ ਦੇ ਸਾਰੇ ਬਾਜ਼ਾਰ ਪੂਰਨ ਰੂਪ ਵਿਚ ਬੰਦ ਰਹੇ। ਬੰਦ ਦੌਰਾਨ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਨਹੀਂ ਰੋਕਿਆ ਗਿਆ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਵੀ ਛੋਟ ਦਿੱਤੀ ਗਈ।
Bharat Band
ਲੁਧਿਆਣਾ ’ਚ ਬੰਦ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ
ਲੁਧਿਆਣਾ- ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਲੁਧਿਆਣਾ ਵਿਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਅੱਧ ਪਚੱਧੀਆਂ ਦੁਕਾਨਾਂ ਖੁੱਲ੍ਹੀਆਂ ਵੀ ਦੇਖੀਆਂ ਗਈਆਂ ਅਤੇ ਸੜਕਾਂ 'ਤੇ ਆਵਾਜਾਈ ਵੀ ਆਮ ਦਿਨਾਂ ਵਾਂਗ ਹੀ ਰਹੀ। ਜ਼ਿਕਰਯੋਗ ਹੈ ਕਿ ਕਿਸਾਨ ਯੂਨੀਅਨਾਂ ਅਤੇ ਟਰੇਡ ਯੂਨੀਅਨਾਂ ਨੇ ਕਿਹਾ ਸੀ ਕਿ ਉਹ ਦੁਕਾਨਾਂ ਤੇ ਬਾਜ਼ਾਰਾਂ ਨੂੰ ਧੱਕੇ ਨਾਲ ਬੰਦ ਨਹੀਂ ਕਰਵਾਉਣਗੇ। ਉਹ ਸਿਰਫ਼ ਲੋਕਾਂ ਨੂੰ ਸਹਿਯੋਗ ਦੀ ਅਪੀਲ ਹੀ ਕਰਨਗੇ।
Bharat Band