ਮੋਦੀ ਸਰਕਾਰ ਕਿਸਾਨਾਂ ਨੂੰ ਨਾ-ਮਿਲਵਰਤਨ ਲਹਿਰ ਲਈ ਮਜਬੂਰ ਨਾ ਕਰੇ : ਰੁਲਦੂ ਸਿੰਘ
26 ਮਾਰਚ ਦੇ ਭਾਰਤ ਬੰਦ ਬਾਅਦ ਕਿਸਾਨ ਜਥੇਬੰਦੀਆਂ ਲੈਣਗੀਆਂ ਫ਼ੈਸਲਾ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਰੁਲਦੂ ਸਿੰਘ ਨੇ ਅੱਜ ਮੋਦੀ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਨਾ-ਮਿਲਵਰਤਨ ਲਹਿਰ ਸ਼ੁਰੂ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਕਿਸਾਨ ਭਵਨ ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਪਹੁੰਚੇ ਇਸ ਕਿਸਾਨ ਆਗੂ ਨੇ ਦਾਅਵਾ ਕੀਤਾ ਕਿ 26 ਮਾਰਚ ਦੇ ਭਾਰਤ ਬੰਦ ਲਈ ਹਰ ਵਰਗ ਵਿਚ ਪੂਰਾ ਉਤਸ਼ਾਹ ਹੈ ਅਤੇ ਇਸ ਤੋਂ ਬਾਅਦ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸਮੇਂ ਕੇਂਦਰ ਸਰਕਾਰ ਵੀ ਗੱਲਬਾਤ ਬੰਦ ਕਰ ਕੇ ਅਪਣੀ ਅੜੀ ਦਿਖਾ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਵੀ ਅਪਣੀ ਤਿੰਨ ਕਾਨੂੰਨਾਂ ਰੱਦ ਕਰਵਾਉਣ ਦੀ ਮੰਗ ’ਤੇ ਅੜੇ ਹੋਏ ਹਨ। ਹੁਣ ਸਥਿਤੀ ‘ਕੁੰਢੀਆਂ ਦੇ ਸਿੰਗ ਫਸਗੇ, ਕੋਈ ਨਿਤਰੂ ਵੜੇਵੇਂ ਖਾਣੀ’ ਵਾਲੀ ਬਣੀ ਹੋਈ ਹੈ। ਕਣਕ ਦੀ ਵਾਢੀ ਤੋਂ ਬਾਅਦ ਕਿਸਾਨ ਵਿਹਲੇ ਹੋਣਗੇ ਤੇ ਉਸ ਤੋਂ ਬਾਅਦ ਤਿੰਨ ਹੀ ਰਾਹ ਬਚੇ ਹੋਏ ਹਨ। ਇਨ੍ਹਾਂ ਵਿਚੋਂ ਇਕ ਰਾਹ ਲੰਮੇ ਅੰਦੋਲਨ ਦਾ ਤੇ ਦੂਜਾ ਸਰਕਾਰ ਨਾਲ ਡੰਡੋ-ਡੰਡੀ ਹੋਣ ਦਾ ਹੈ ਤੇ ਤੀਜਾ ਰਾਹ ਨਾ ਮਿਲਵਰਤਨ ਲਹਿਰ ਸ਼ੁਰੂ ਕਰਨ ਦਾ ਹੈ।
ਉਨ੍ਹਾਂ ਕਿਹਾ ਕਿ ਨਾਂ ਮਿਲਵਰਤਨ ਲਹਿਰ ਬਾਰੇ ਕਿਸਾਨ ਜਥੇਬੰਦੀਆਂ ਵਿਚਾਰ ਕਰ ਕੇ ਫ਼ੈਸਲਾ ਲੈਣਗੀਆਂ। ਇਸ ਤਹਿਤ ਜਿਥੇ ਕਿਸਾਨਾਂ ਤੇ ਹੋਰ ਲੋਕਾਂ ਨੂੰ ਸਰਕਾਰ ਦੇ ਬਿਲਾਂ ਨੂੰ ਨਾ ਭਰਨ ਤੇ ਵਪਾਰੀਆਂ ਨੂੰ ਟੈਕਸ ਨਾ ਦੇਣ ਦਾ ਸੱਦਾ ਦਿਤਾ ਜਾ ਸਕਦਾ ਹੈ। ਉਨ੍ਹਾਂ ਸਵਾਲਾਂ ਦਾ ਜੁਆਬ ਦਿੰਦਿਆਂ ਕਿਹਾ ਕਿ 26 ਜਨਵਰੀ ਤਕ ਤਾਂ ਅੰਦੋਲਨ ਇਕ ਮੇਲੇ ਵਾਂਗ ਹੀ ਸੀ ਪਰ ਅਸਲੀ ਗੰਭੀਰ ਅੰਦੋਲਨ 26 ਜਨਵਰੀ ਤੋਂ ਬਾਅਦ ਹੀ ਸ਼ੁਰੂ ਹੋਇਆ ਹੈ। ਇਸ ਸਮੇਂ ਕਿਸਾਨ ਜਥੇਬੰਦੀਆਂ ਕੋਲ ਇਕ ਲੱਖ ਤੋਂ ਵੱਧ ਕਿਸਾਨਾਂ ਦੀ ਸ਼ਕਤੀ ਹੈ ਅਤੇ ਇਹ ਕਿਸਾਨ ਕੋਈ ਵੀ ਐਕਸ਼ਨ ਕਰਨ ਲਈ ਤਿਆਰ ਹਨ। ਇਸ ਸਮੇਂ ਅੰਦੋਲਨ ਮਹਾਂ ਪੰਚਾਇਤਾਂ ਨਾਲ ਹੋਰ ਮਜ਼ਬੂਤ ਹੋ ਰਿਹਾ ਹੈ
ਅਤੇ ਇਸ ਵਿਚ ਪਿੰਡਾਂ ਦੀਆਂ ਪੰਚਾਇਤਾਂ ਤੇ ਖਾਪ ਪੰਚਾਇਤਾਂ ਵੀ ਵੱਡੀ ਭੂਮਿਕਾ ਹੈ।
ਦਿੱਲੀ ਦੀਆਂ ਹੱਦਾਂ ਉਪਰ ਹੁਣ ਪੱਕੇ ਸ਼ੈੱਡ ਮੀਂਹ ਤੇ ਗਰਮੀ ਤੋਂ ਬਚਣ ਲਈ ਬਣ ਚੁਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਕੋਰੋਨਾ ਦੇ ਨਾਂ ਹੇਠ ਡਰ ਪੈਦਾ ਕਰ ਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਯਤਨਾਂ ਵਿਚ ਹੈ। ਉਨ੍ਹਾਂ ਇਕ ਸਵਾਲ ਦੇ ਜੁਆਬ ਵਿਚ ਕਿਹਾ ਕਿ ਕੈਪਟਨ, ਬਾਦਲ ਅਤੇ ਕੇਜਰੀਵਾਲ ਦਿਲੋਂ ਕਿਸਾਨਾਂ ਦੇ ਨਾਲ ਨਹੀਂ ਤੇ ਸਿਆਸੀ ਪਾਰਟੀਆਂ ਤਾਂ ਕਿਸਾਨ ਅੰਦੋਲਨ ਕਾਰਨ ਅਪਣੀ ਹੋਂਦ ਬਚਾਉਣ ਲਈ ਰਾਹ ਲੱਭ ਰਹੀਆਂ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨ ਅੰਦੋਲਨ ਨੂੰ ਕਿਸੇ ਸਿਆਸੀ ਵਿਚੋਲੇ ਦੀ ਲੋੜ ਨਹੀਂ।