ਸਰਕਾਰੀ ਸਕੂਲਾਂ ਬਾਰੇ ਦੂਰਦਰਸ਼ਨ ਦਾ ਪ੍ਰੋਗਰਾਮ ‘ਨਵੀਆਂ ਪੈੜਾਂ’ 27 ਮਾਰਚ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰ ਸ਼ਨੀਵਾਰ ਅਤੇ ਐਤਵਾਰ ਪ੍ਰਸਾਰਿਤ ਹੋਵੇਗਾ ਪ੍ਰੋਗਰਾਮ

'Navian Pairhaan' program regarding government schools on DD from March 27

ਚੰਡੀਗੜ੍ਹ - ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਦੀ ਬਦਲੀ ਗਈ ਨੁਹਾਰ ਦੀ ਚਰਚਾ ਹੁਣ ਦੂਰਦਰਸ਼ਨ ’ਤੇ ਹੋਵੇਗੀ। ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਢਾਂਚੇ ’ਚ ਤਬਦੀਲੀ ਦਾ ਸੁਨੇਹਾ ਦੇਣ ਲਈ 27 ਮਾਰਚ ਤੋਂ ਡੀਡੀ ਪੰਜਾਬੀ ਤੋਂ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਇਹ ਪ੍ਰੋਗਰਾਮ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 3.30 ਤੋਂ 4.00 ਵਜੇ ਤੱਕ ‘ਨਵੀਆਂ ਪੈੜਾਂ’ ਦੇ ਹੇਠ ਪੇਸ਼ ਕੀਤਾ ਜਾਵੇਗਾ। ਇਸ ਰਾਹੀਂ ਸਰਕਾਰੀ ਸਕੂਲਾਂ ਦੀਆਂ ਆਕਰਸ਼ਿਕ ਇਮਾਰਤਾਂ, ਪੜ੍ਹਾਉਣ ਦੀਆਂ ਆਧੁਨਿਕ ਤਕਨੀਕਾਂ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦੀ ਜ਼ਿਲ੍ਹਾ ਵਾਰ ਜਾਣਕਾਰੀ ਦਿੱਤੀ ਜਾਵੇਗੀ।

ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਸਕੂਲਾਂ ਦੀ ਕੀਤੀ ਗਈ ਕਾਇਆ-ਕਲਪ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਖੁਦ ਘਰੋ-ਘਰੀ, ਪਿੰਡਾਂ ਦੀਆਂ ਸੱਥਾਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਜਾ ਕੇ ਸਰਕਾਰੀ ਸਕੂਲਾਂ ਦੇ ਅਤਿ-ਆਧੁਨਿਕ ਢਾਂਚੇ ਦਾ ਸੁਨੇਹਾ ਦੇ ਰਹੇ ਹਨ ਉੱਥੇ ਹੀ ਵਿਭਾਗ ਵੱਲੋਂ ਸੋਸ਼ਲ ਅਤੇ ਪਿ੍ਰੰਟ ਮੀਡੀਆ ਜਰੀਏ ਵੀ ਸਮਾਜ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਸਰਕਾਰੀ ਸਕੂਲਾਂ ਵਿੱਚ ਪਿਛਲੇ ਸਾਲ ਦਾਖਲਿਆਂ ਵਿੱਚ 15 ਫ਼ੀਸਦਾ ਦਾ ਹੋਇਆ ਵਾਧਾ ਸਕੂਲੀ ਢਾਂਚੇ ਦੀ ਕਾਇਆ-ਕਲਪ ਦਾ ਹੀ ਨਤੀਜਾ ਹੈ।
ਸਮਾਰਟ ਸਕੂਲ ਮੁਹਿੰਮ ਅਧੀਨ ਸੂਬੇ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਆਕਰਸ਼ਕ ਗੇਟ ਅਤੇ ਚਾਰਦੀਵਾਰੀਆਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਸਕੂਲਾਂ ਦੀਆਂ ਇਮਾਰਤਾਂ ਅਤੇ ਜਮਾਤਾਂ ਦੇ ਕਮਰਿਆਂ ਨੂੰ ਸਿੱਖਣ ਸਮੱਗਰੀ ਭਰਪੂਰ ਪੇਟਿੰਗਾਂ ਨਾਲ ਸ਼ਿੰਗਾਰਿਆ ਗਿਆ ਹੈ।

ਸਮਾਰਟ ਕਲਾਸ ਕਮਰੇ ਬਣਾਉਣ ਦੇ ਨਾਲ-ਨਾਲ ਪੜ੍ਹਾਉਣ ਦੇ ਆਧੁਨਿਕ ਸਾਧਨ ਪ੍ਰਾਜੈਕਟਰ, ਐਲਸੀਡੀ ਅਤੇ ਐਜੂਸੈਟ ਮੁਹੱਈਆ ਕਰਵਾਏ ਗਏ ਹਨ।
ਇਨ੍ਹਾਂ ਦਾ ਉਲੇਖ ਕਰਦਾ ਡੀ.ਡੀ. ਪੰਜਾਬੀ ਦਾ ‘ਨਵੀਆਂ ਪੈੜਾਂ’ ਪ੍ਰੋਗਰਾਮ ਸਰਕਾਰੀ ਸਕੂਲਾਂ ਵਿੱਚ ਲੋਕਾਂ ਨੂੰ ਆਪਣੇ ਬੱਚੇ ਦਾਖਲ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸਕੂਲਾਂ ਦੀ ਬਦਲੀ ਹੋਈ ਨੁਹਾਰ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।