ਨਵੇਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਹਰਕਤ 'ਚ ਨਵਜੋਤ ਸਿੱਧੂ, ਸਮਰਥਕ ਵਿਧਾਇਕਾਂ ਨਾਲ ਕੀਤੀ ਬੰਦ ਕਮਰਾ ਮੀਟਿੰਗ
ਸਿੱਧੂ ਨੇ ਇਸ ਮੁਲਾਕਾਤ ਦੀ ਇੱਕ ਫੋਟੋ ਵੀ ਟਵੀਟ ਕੀਤੀ। ਜਿਸ ਵਿਚ ਲਿਖਿਆ ਸੀ ਕਿ ਪੰਜਾਬ ਦੇ ਹੱਕ ਸੱਚ ਦੀ ਲੜਾਈ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਲੜੀ ਜਾਵੇਗੀ।
ਕਪੂਰਥਲਾ - ਪੰਜਾਬ ਕਾਂਗਰਸ ਨੂੰ ਮਨਾਂ ਪ੍ਰਧਾਨ ਮਿਲਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਪੂਰਥਲਾ ਪਹੁੰਚ ਕੇ ਆਪਣੇ ਸਮਰਥਕ ਵਿਧਾਇਕਾਂ ਅਤੇ ਉਮੀਦਵਾਰਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਹ ਮੀਟਿੰਗ ਸੁਲਤਾਨਪੁਰ ਲੋਧੀ ਤੋਂ ਚੋਣ ਲੜਨ ਵਾਲੇ ਨਵਤੇਜ ਚੀਮਾ ਦੇ ਘਰ ਹੋਈ। ਸਭ ਤੋਂ ਖਾਸ ਗੱਲ ਇਹ ਹੈ ਕਿ ਕਾਂਗਰਸ ਹਾਈਕਮਾਂਡ ਦੀ ਮੀਟਿੰਗ ਅੱਜ ਹੀ ਦਿੱਲੀ ਵਿੱਚ ਹੋਈ। ਜਿਸ ਵਿੱਚ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਵਿੱਚ ਵੀ ਲੀਡਰਸ਼ਿਪ ਬਦਲਣ ਬਾਰੇ ਚਰਚਾ ਕੀਤੀ ਗਈ।
ਸਿੱਧੂ ਨੇ ਇਸ ਮੁਲਾਕਾਤ ਦੀ ਇੱਕ ਫੋਟੋ ਵੀ ਟਵੀਟ ਕੀਤੀ। ਜਿਸ ਵਿਚ ਲਿਖਿਆ ਸੀ ਕਿ ਪੰਜਾਬ ਦੇ ਹੱਕ ਸੱਚ ਦੀ ਲੜਾਈ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਲੜੀ ਜਾਵੇਗੀ। ਮੀਟਿੰਗ ਵਿਚ ਹਾਜ਼ਰ ਅਸ਼ਵਨੀ ਸ਼ੇਖੜੀ ਨੇ ਕਿਹਾ ਕਿ ਇਹ ਸਿਰਫ਼ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਚਰਚਾ ਸੀ।
ਨਵਜੋਤ ਸਿੱਧੂ ਦੀ ਇਸ ਮੀਟਿੰਗ ਵਿਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਬਲਵਿੰਦਰ ਧਾਲੀਵਾਲ ਤੋਂ ਇਲਾਵਾ ਸਿੱਧੂ ਦੇ ਕਰੀਬੀ ਦੋਸਤ ਅਸ਼ਵਨੀ ਸ਼ੇਖੜੀ, ਰਾਕੇਸ਼ ਪਾਂਡੇ, ਰੁਪਿੰਦਰ ਰੂਬੀ, ਨਾਜਰ ਸਿੰਘ ਮਾਨਸ਼ਾਹੀਆ, ਮਹਿੰਦਰ ਕੇਪੀ, ਸੁਨੀਲ ਦੱਤੀ ਅਤੇ ਕਈ ਪੁਰਾਣੇ ਕਾਂਗਰਸੀ ਹਾਜ਼ਰ ਸਨ।
ਨਵਜੋਤ ਸਿੱਧੂ ਦੀ ਕੋਸ਼ਿਸ਼ ਹਾਈਕਮਾਂਡ 'ਤੇ ਦਬਾਅ ਬਣਾਉਣ ਦੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਾਲ ਹੀ 'ਚ ਸਿੱਧੂ ਤੋਂ ਅਸਤੀਫਾ ਮੰਗਿਆ ਸੀ ਤੇ ਉਸ ਤੋਂ ਅਗਲੇ ਹੀ ਦਿਨ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ ਸੀ ਹਾਲਾਂਕਿ ਸਿੱਧੂ ਨੇ ਹਾਰ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸਿੱਧੂ ਲਗਾਤਾਰ ਕਹਿ ਰਹੇ ਹਨ ਕਿ ਇਹ ਚੋਣ ਚਰਨਜੀਤ ਚੰਨੀ ਦੀ ਅਗਵਾਈ ਵਿਚ ਲੜੀ ਗਈ ਹੈ। ਇਸ ਲਈ ਹਾਰ ਦੀ ਜ਼ਿੰਮੇਵਾਰੀ ਚੰਨੀ ਦੀ ਹੈ, ਮੇਰੀ ਨਹੀਂ।