ਨਵੇਂ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਨਾਲ ਬਾਦਲ ਪ੍ਰਵਾਰ ਦੀ ਤਸਵੀਰ ਨੇ ਛੇੜੀ ਨਵੀਂ ਚਰਚਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਜੀਠੀਆ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਦੇ ਇਲਜ਼ਾਮ!, ਅਰਵਿੰਦ ਕੇਜਰੀਵਾਲ ਨੇ ਅਕਾਲੀ ਆਗੂ ਤੋਂ ਮੰਗੀ ਸੀ ਮੁਆਫੀ 

Sukhbir badal and Harsimrat Badal with New appointed jail superintendent Sucha singh

ਚੰਡੀਗੜ੍ਹ : ਪੰਜਾਬ ਦੀ 'ਆਪ' ਸਰਕਾਰ ਨੇ ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੂੰ ਹਟਾ ਕੇ  ਉਨ੍ਹਾਂ ਦੀ ਥਾਂ 'ਤੇ ਸੁੱਚਾ ਸਿੰਘ ਨੂੰ ਨਵਾਂ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਹੁਣ ਨਵੇਂ ਤੈਨਾਤ ਸੁਪਰਡੈਂਟ ਸੁੱਚਾ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੇ ਨਵੀਂ ਚਰਚਾ ਛੇੜ ਦਿਤੀ ਹੈ। 

ਦੱਸਣਯੋਗ ਹੈ ਕਿ ਇਹ ਤਬਾਦਲਾ ਅਤੇ ਨਵੀਂ ਨਿਯੁਕਤੀ ਦੀ ਕਾਰਵਾਈ ਨਵੇਂ ਜੇਲ੍ਹ ਮੰਤਰੀ ਹਰਜੋਤ ਬੈਂਸ ਦੀ ਫੇਰੀ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ। ਜੇਲ੍ਹ ਸੁਪਰਡੈਂਟ 'ਤੇ ਨਸ਼ੇ ਦੇ ਮਾਮਲੇ 'ਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਦਾ ਦੋਸ਼ ਹੈ।

ਦੱਸਣਯੋਗ ਹੈ ਕਿ 2017 ਦੀਆਂ ਚੋਣਾਂ ਤੋਂ ਬਾਅਦ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣੀ ਪਈ ਸੀ। ਕੇਜਰੀਵਾਲ ਨੇ ਮਜੀਠੀਆ 'ਤੇ ਨਸ਼ਾ ਤਸਕਰੀ ਦੇ ਗੰਭੀਰ ਦੋਸ਼ ਲਾਏ ਸਨ। ਜਿਸ ਤੋਂ ਬਾਅਦ ਅਦਾਲਤ 'ਚ ਮਾਣਹਾਨੀ ਦਾ ਕੇਸ ਹੋਣ 'ਤੇ ਉਨ੍ਹਾਂ ਨੇ ਮਜੀਠੀਆ ਨੂੰ ਮੁਆਫੀਨਾਮਾ ਭੇਜਿਆ ਸੀ।

ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜੇਕਰ ਕਿਸੇ ਜੇਲ੍ਹ ਵਿੱਚ ਨਸ਼ਾ ਜਾਂ ਮੋਬਾਈਲ ਮਿਲਦਾ ਹੈ ਤਾਂ ਜੇਲ੍ਹਰ ਯਾਨੀ ਜੇਲ੍ਹ ਸੁਪਰਡੈਂਟ ਜ਼ਿੰਮੇਵਾਰ ਹੋਵੇਗਾ। ਹੁਣ ਤੱਕ ਹੇਠਲੇ ਪੱਧਰ ਦੇ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਕਾਰਵਾਈ ਕੀਤੀ ਜਾਂਦੀ ਸੀ।

ਬੈਂਸ ਨੇ ਸਾਰੀਆਂ ਜੇਲ੍ਹਾਂ ਨੂੰ ਸੈਨੇਟਾਈਜ਼ ਕਰਨ ਦੇ ਹੁਕਮ ਦਿੱਤੇ ਹਨ। ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਡਰੱਗ ਮਾਮਲੇ 'ਚ 'ਆਪ' ਸਰਕਾਰ ਦੀ ਦਿਲਚਸਪੀ ਦਿਖਾਈ ਦੇ ਰਹੀ ਹੈ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਕੁਝ ਦਿਨ ਬਾਅਦ ਹੀ ਇਸ ਡਰੱਗਜ਼ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਵੀ ਬਦਲ ਦਿੱਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ 'ਆਪ' ਸਰਕਾਰ ਇਸ ਮਾਮਲੇ ਨੂੰ ਜਲਦੀ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।