ਪਾਰਦਰਸ਼ੀ ਰਾਈਸ ਮਿਲਿੰਗ ਨੀਤੀ ਉਲੀਕੀ ਜਾਵੇਗੀ : ਲਾਲ ਚੰਦ ਕਟਾਰੂਚੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਲੋਂ ਰਾਈਸ ਮਿਲਰਜ਼ ਐਸੋਸੀਏਸ਼ਨ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ

Transparent rice milling policy will be drawn up: Lal Chand Kataruchak

ਚੰਡੀਗੜ੍ਹ : ਇਕ ਪਾਰਦਰਸ਼ੀ ਰਾਈਸ ਮਿਲਿੰਗ ਨੀਤੀ ਉਲੀਕੀ ਜਾਣਾ ਯਕੀਨੀ ਬਣਾਉਣ ਲਈ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਨੇ ਅੱਜ ਸੂਬੇ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ।

ਭ੍ਰਿਸ਼ਟਾਚਾਰ ਤੋਂ ਮੁਕਤ ਨੀਤੀ ਸਾਹਮਣੇ ਲਿਆਂਦੇ ਜਾਣ ਦੀ ਮੰਗ ਤੋਂ ਇਲਾਵਾ ਪੰਜਾਬ ਅਤੇ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੀ ਅਗਵਾਈ ਵਿੱਚ ਪ੍ਰਤੀਨਿਧੀਆਂ ਨੇ ਝੋਨੇ, ਜਿਸ ਨੂੰ ਕਿ ਕਸਟਮ ਮਿਲਿੰਗ ਲਈ ਰਾਈਸ ਮਿਲਾਂ ਵਿਖੇ ਭੰਡਾਰਨ ਕਰਕੇ ਰੱਖਿਆ ਜਾਂਦਾ ਹੈ, ਦੀ ਚੋਰੀ ਰੋਕਣ ਦੀ ਵਕਾਲਤ ਕੀਤੀ ਕਿਉਂਕਿ ਇਸ ਨਾਲ ਸੂਬੇ ਦੇ ਖ਼ਜ਼ਾਨੇ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ।

ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਇਹ ਵੀ ਮੰਗ ਕੀਤੀ ਕਿ ਮਿਲਰਜ਼ ਦਰਮਿਆਨ ਝੋਨੇ ਦੀ ਇਕਸਾਰ ਵੰਡ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਅਲਾਟਮੈਂਟ ਕਮੇਟੀਆਂ ਵਿੱਚ ਰਾਈਸ ਮਿਲਰਜ਼ ਨੂੰ ਸਥਾਨ ਦਿੱਤਾ ਜਾਵੇ। 

ਮੰਤਰੀ ਨੇ ਰਾਈਸ ਮਿਲਿੰਗ ਖੇਤਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਰਾਈਸ ਮਿਲਰਜ਼ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਕ ਸੁਚੱਜੀ ਨੀਤੀ ਸਾਹਮਣੇ ਲਿਆਂਦੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਪਾਰਦਰਸ਼ਤਾ ਉਹਨਾਂ ਦੇ ਕੰਮਕਾਜ ਦਾ ਮੁੱਖ ਹਿੱਸਾ ਹੋਵੇਗੀ ਅਤੇ ਹੁਣ ਰਾਈਸ ਮਿਲਰਜ਼ ਦੇ ਹਿੱਤ ਸੁਰੱਖਿਅਤ ਹੱਥਾਂ ਵਿੱਚ ਹਨ।

ਰਾਈਸ ਮਿਲਰਜ਼ ਦੇ ਵਫ਼ਦ ਨੇ ਇਸ ਮੌਕੇ ਮੰਤਰੀ ਦਾ ਅਹੁਦਾ ਸੰਭਾਲਣ ਲਈ ਲਾਲ ਚੰਦ ਕਟਾਰੂਚੱਕ ਨੂੰ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਰਾਜਪੁਰਾ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਰਾਜੇਸ਼ ਟਿਨੀ ਤੋਂ ਇਲਾਵਾ ਲੁਧਿਆਣਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਸੰਗਰੂਰ, ਬਠਿੰਡਾ, ਮਾਨਸਾ, ਰੋਪੜ, ਫਤਿਹਗੜ੍ਹ ਸਾਹਿਬ ਅਤੇ ਗੁਰਦਾਸਪੁਰ ਤੋਂ ਵੀ ਐਸੋਸੀਏਸ਼ਨ ਦੇ ਪ੍ਰਤੀਨਿਧੀ ਹਾਜ਼ਰ ਸਨ।