ਬੰਗਾਲ ਹਿੰਸਾ ’ਤੇ ਰਾਜ ਸਭਾ ’ਚ ਰੌਲਾ ਵਧਿਆ, ਸਦਨ ਦੀ ਕਾਰਵਾਈ ਰੁਕੀ

ਏਜੰਸੀ

ਖ਼ਬਰਾਂ, ਪੰਜਾਬ

ਬੰਗਾਲ ਹਿੰਸਾ ’ਤੇ ਰਾਜ ਸਭਾ ’ਚ ਰੌਲਾ ਵਧਿਆ, ਸਦਨ ਦੀ ਕਾਰਵਾਈ ਰੁਕੀ

image

ਸਦਨ ਵਿਚ ਬਿਆਨ ਦਿੰਦਿਆਂ ਰੋ ਪਈ ਰੂਪਾ ਗਾਂਗੁਲੀ, ਰਾਸ਼ਟਰਪਤੀ ਸ਼ਾਸਨ ਦੀ ਕੀਤੀ ਮੰਗ ਬੀਰਭੂਮ ਹਿੰਸਾ ’ਚ ਦੋ ਬੱਚਿਆਂ ਸਮੇਤ ਅੱਠ ਨੂੰ ਜਿਊਂਦਾ ਸਾੜ ਦਿਤਾ ਗਿਆ ਸੀ

ਨਵੀਂ ਦਿੱਲੀ, 25 ਮਾਰਚ : ਪਛਮੀ ਬੰਗਾਲ ਦੇ ਬੀਰਭੂਮ ਵਿਚ ਪਿਛਲੇ ਦਿਨੀਂ ਹੋਈ ਹਿੰਸਾ ਦੇ ਮੁੱਦੇ ’ਤੇ ਸ਼ੁਕਰਵਾਰ ਨੂੰ ਰਾਜ ਸਭਾ ਵਿਚ ਰੌਲਾ ਵਧਣ ’ਤੇ ਸਦਨ ਦੀ ਸਕਾਰਵਾਈ ਮੁਲਤਵੀ ਕਰਨੀ ਪਈ। ਭਾਜਪਾ ਦੀ ਰੂਪਾ ਗਾਂਗੂਲੀ ਨੇ ਸਿਫ਼ਰ ਕਾਲ ਤਹਿਤ ਇਸ ਮੁੱਦੇ ਨੂੰ ਚੁਕਿਆ ਅਤੇ ਭਾਵੁਕ ਹੁੰਦੇ ਹੋਏ ਪਛਮੀ ਬੰਗਾਲ ਵਿਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ। ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਰੌਲਾ ਸ਼ੁਰੂ ਹੋ ਗਿਆ। ਇਸ ਦੌਰਾਨ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਹੋਈ।  ਹੰਗਾਮੇ ਵਿਚਾਲੇ ਸਭਾਪਤੀ ਹਰਿਵੰਸ਼ ਨੇ ਵਿਸ਼ੇਸ਼ ਜ਼ਿਕਰ ਤਹਿਤ ਲੋਕ ਮਹੱਤਵ ਨਾਲ ਜੁੜੇ ਮੁੱਦੇ ਚੁੱਕਣ ਲਈ ਬੀਜੂ ਜਨਤਾ ਦਲ ਦੀ ਮਮਤਾ ਮੋਹੰਤਾ ਦਾ ਨਾਂ ਲਿਆ। ਰੌਲੇ ਵਿਚਾਲੇ ਮਮਤਾ ਨੇ ਅਪਣਾ ਮੁੱਦਾ ਚੁਕਿਆ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਸਕੀ। ਉਪ-ਸਭਾਪਤੀ ਨੇ ਰੌਲਾ ਪਾ ਰਹੇ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਅਪਣੀ ਗੱਲ ਦਾ ਅਸਰ ਨਾ ਹੁੰਦਾ ਦੇਖ ਉਨ੍ਹਾਂ ਨੇ ਕਾਰਵਾਈ ਕੁੱਝ ਦੇਰ ਲਈ ਮੁਲਤਵੀ ਕਰ ਦਿਤੀ।
  ਇਸ ਤੋਂ ਪਹਿਲਾਂ ਗਾਂਗੂਲੀ ਨੇ ਬੰਗਾਲ ਹਿੰਸਾ ਦਾ ਮੁੱਦਾ ਚੁਕਦੇ ਹੋਏ ਕਿਹਾ ਕਿ  ਉਹ ਪਛਮੀ ਬੰਗਾਲ ਬਾਰੇ ਜੋ ਕਹਿਣਾ ਚਾਹੁੰਦੀ ਹੈ, ਉਸ ਦੀ ਚਰਚਾ ਕਰਨ ਨਾਲ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਰਭੂਮ ਜ਼ਿਲ੍ਹੇ ਵਿਚ ਦੋ ਬੱਚਿਆਂ ਸਮੇਤ ਅੱਠ ਲੋਕਾਂ ਜਿਊਂਦਾ ਸਾੜ ਕੇ ਮਾਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਪੁਲਿਸ ’ਤੇ ਕਿਸੇ ਨੂੰ ਭਰੋਸਾ ਨਹੀਂ ਰਹਿ ਗਿਆ। ਗਾਂਗੂਲੀ ਨੇ ਕਿਹਾ,‘‘ਝਾਲਦਾ ਵਿਚ ਕਾਊਂਸਲਰ ਮਰਦਾ ਹੈ... ਸੱਤ ਦਿਨ ਅੰਦਰ 26 ਕਤਲ ਹੁੰਦੇ ਹਨ... 26 ਸਿਆਸੀ ਕਤਲ, ਅੱਗ ਨਾਲ ਸਾੜ ਕੇ ਖ਼ਤਮ ਕਰ ਦਿਤਾ ਗਿਆ। ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਪਹਿਲਾਂ ਸਾਰਿਆਂ ਦੇ ਹੱਥ-ਪੈਰ ਤੋੜੇ ਗਏ ਅਤੇ ਫਿਰ ਕਮਰੇ ਵਿਚ ਬੰਦ ਕਰ ਕੇ ਸਾੜ ਦਿਤੇ ਗਏ।’’
  ਉਨ੍ਹਾਂ ਕਿਹਾ,‘‘ਉਥੇ ਇਕ-ਇਕ ਕਰ ਕੇ ਲੋਕ ਭੱਜ ਰਹੇ ਹਨ। ਉਥੇ ਲੋਕ ਜਿਊਂਣ ਦੀ ਸਥਿਤੀ ਵਿਚ ਨਹੀਂ ਹਨ। ਪਛਮੀ ਬੰਗਾਲ ਭਾਰਤ ਦਾ ਅੰਗ ਹੈ। ਸਾਨੂੰ... ਰੂਪਾ ਗਾਂਗੂਲੀ ਨੂੰ ਰਾਸ਼ਟਰਪਤੀ ਸ਼ਾਸਨ ਚਾਹੀਦਾ ਹੈ। ਸਾਨੂੰ ਜਿਊਣ ਦਾ ਹੱਕ ਹੈ। ਪਛਮੀ ਬੰਗਾਲ ਵਿਚ ਜਨਮ ਲੈਣਾ ਕੋਈ ਅਪਰਾਧ ਨਹੀਂ ਹੈ।’’ ਤੇ ਇੰਨਾ ਕਹਿੰਦਿਆਂ ਉਹ ਰੋਣ ਲੱਗ ਪਈ। (ਪੀਟੀਆਈ)