ਹੁਣ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿਖੇ ਆਉਣ ਵਾਲੀ ਸੰਗਤਾਂ ਨੂੰ ਮਿਲੇਗੀ ਵੱਡੀ ਰਾਹਤ - ਨਿੱਜਰ

ਏਜੰਸੀ

ਖ਼ਬਰਾਂ, ਪੰਜਾਬ

ਦੱਖਣੀ, ਪੂਰਬੀ ਅਤੇ ਕੇਂਦਰੀ ਹਲਕੇ ਵਿੱਚ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ

photo

 

ਚੰਡੀਗੜ੍ਹ : ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨਾਲ ਲਗਪਗ 60 ਕਰੋੜ ਰੁਪਏ ਦੀ ਲਾਗਤ ਨਾਲ ਸਕਾਈਵਾਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹੀਦਾਂ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਵੱਡੀ ਰਾਹਤ ਮਿਲੇਗੀ।ਉਨ੍ਹਾਂ ਕਿਹਾ ਕਿ ਰੋਜ਼ਾਨਾ 50 ਤੋਂ 60 ਹਜ਼ਾਰ ਦੇ ਕਰੀਬ ਸੰਗਤ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਸੰਗਤ ਨੂੰ ਗੁਰਦੁਆਰੇ ਜਾਣ ਲਈ ਸੜਕ ਪਾਰ ਕਰਨੀ ਪੈਂਦੀ ਹੈ, ਜਿਸ ਨਾਲ ਨਾ ਸਿਰਫ ਅਸੁਵਿਧਾ ਹੁੰਦੀ ਹੈ, ਇਸ ਨਾਲ ਆਵਾਜਾਈ ਜਾਮ ਵੀ ਹੁੰਦੀ ਹੈ।  

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਮਲਟੀਪਲ ਫੁੱਟ ਓਵਰ ਬ੍ਰਿਜ, ਸਕਾਈ ਵਾਕ ਪਲਾਜ਼ਾ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਾਹਮਣੇ ਪੈਦਲ ਯਾਤਰੀਆਂ ਲਈ ਢੁਕਵੀਂ ਕ੍ਰਾਸਿੰਗ ਸਹੂਲਤ ਦੇ ਤੌਰ ’ਤੇ ਪੈਦਲ ਚੱਲਣ ਅਤੇ ਪਿਕਅੱਪ ਪੁਆਇੰਟ ਸ਼ਾਮਲ ਹਨ।  ਪਲਾਜ਼ਾ ਪੈਦਲ ਯਾਤਰੀਆਂ ਦੀ ਆਵਾਜਾਈ ਦੀ ਸੌਖ ਲਈ ਪੌੜੀਆਂ, ਐਸਕੇਲੇਟਰਾਂ, ਲਿਫਟਾਂ ਰਾਹੀਂ ਪ੍ਰਵੇਸ਼/ਨਿਕਾਸ ਪੁਆਇੰਟਾਂ ਦਾ ਸਮੂਹ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਏਗਾ।

ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਸਕਾਈਵਾਕ ਪ੍ਰੋਜੈਕਟ ਵਿੱਚ ਸ਼ਰਧਾਲੂਆਂ ਲਈ ਪਖਾਨੇ, ਸੈਰ ਸਪਾਟਾ ਸੂਚਨਾ ਕੇਂਦਰ ਅਤੇ ਪੁਲਿਸ ਚੌਕੀ ਵਰਗੀਆਂ ਸਹੂਲਤਾਂ ਦਾ ਪ੍ਰਬੰਧ ਸੰਗਤ ਲਈ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਲੈਂਡਸਕੇਪਿੰਗ ਅਤੇ ਸੁੰਦਰੀਕਰਨ ਰਾਹੀਂ ਪਲਾਜ਼ਾ ਦਾ ਵਿਕਾਸ ਪਲਾਜ਼ਾ ਕੀਤਾ ਜਾਵੇਗਾ ਜੋ ਕਿ ਇਸਦੀ ਕੁਸ਼ਲ ਵਰਤੋਂ ਨੂੰ ਵਧਾਏਗਾ। ਉਨ੍ਹਾਂ ਦੱਸਿਆ ਕਿ ਇਸ ਸਕਾਈਵਾਕ ਦੀ ਲੰਬਾਈ ਰਾਮਸਰ ਗੁਰਦੁਆਰਾ ਤੋਂ ਚਾਟੀਵਿੰਡ ਚੌਕ ਤੱਕ 460 ਮੀਟਰ, ਚੌੜੀ 6 ਮੀਟਰ, ਸੜਕ ਤੋਂ 6 ਮੀਟਰ ਦੀ ਉਚਾਈ, ਸਕਾਈਵਾਕ ਪਲਾਜ਼ਾ ਵਿੱਚ 16 ਪੌੜੀਆਂ, 16 ਐਸਕੇਲੇਟਰ ਅਤੇ 7 ਲਿਫਟਾਂ ਹੋਣਗੀਆਂ। ਉਨ੍ਹਾਂ ਕਿਹਾ ਕਿ  ਕੰਪਨੀ ਵੱਲੋਂ ਡੇਢ ਸਾਲ ਦੇ ਅੰਦਰ ਇਹ ਪ੍ਰੋਜੈਕਟ ਪੂਰਾ ਕੀਤਾ ਜਾਣਾ ਹੈ।

ਇਸ ਤੋਂ ਪਹਿਲਾਂ ਡਾ. ਨਿੱਜਰ ਨੇ ਯੂ ਬੀ ਡੀ ਸੀ ਪ੍ਰੋਜੈਕਟ ਅਧੀਨ ਤਾਰਾਂ ਵਾਲਾ ਪੁਲ ਦੇ ਨੇੜੇ ਬ੍ਰਿਟਿਸ਼ ਕਾਲ ਦੌਰਾਨ ਬਣੇ ਇੱਕ ਹਾਈਡਰੋ ਪਾਵਰ ਪਲਾਂਟ ਦੇ ਨਾਲ ਇੱਕ ਵਧੀਆ ਪਿਕਨਿਕ ਸਥਾਨ ਦਾ ਉਦਘਾਟਨ ਕੀਤਾ। ਇਸ ਨੂੰ ਪਿਕਨਿਕ, ਕਸਰਤ, ਬੱਚਿਆਂ ਲਈ ਝੂਲੇ, ਓਪਨ ਜਿਮ, ਰੰਗੀਨ ਰੋਸ਼ਨੀ ਅਤੇ ਸੁੰਦਰ ਬਾਗਬਾਨੀ ਨਾਲ ਸਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਕਰੀਬ 5.5 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 3.5 ਏਕੜ ਜ਼ਮੀਨ ’ਤੇ ਮਿੰਨੀ ਕੰਪਨੀ ਗਾਰਡਨ ਬਣਾਇਆ ਗਿਆ ਹੈ, ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੈ।

ਇਸ ਉਪਰੰਤ ਡਾ. ਨਿੱਜਰ ਵਲੋਂ ਕੇਂਦਰੀ ਹਲਕੇ ਦੇ ਅਧੀਨ ਪੈਂਦੇ ਇਲਾਕੇ ਫਤਾਹਪੁਰ ਵਿਖੇ ਸਮਾਰਟ ਸਿਟੀ ਤਹਿਤ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਮਲਬਾ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਰਿਹਾਇਸ਼ੀ ਅਤੇ ਕਮਰਸ਼ੀਅਲ ਨਿਰਮਾਣ ਦੌਰਾਨ ਨਿਕਲਣ ਵਾਲਾ ਮਲਬਾ ਸੀ.ਐਂਡ.ਟੀ.  ਪਲਾਂਟ ਤੱਕ ਪਹੁੰਚਾਉਣ ਤੇ ਕੋਈ ਚਾਰਜ ਨਹੀਂ ਲਿਆ ਜਾਵੇਗਾ।  ਉਨਾਂ ਦੱਸਿਆ ਕਿ ਸੜ੍ਹਕਾਂ ਦੇ ਆਲ੍ਹੇ ਦੁਆਲੇ ਮਲਬਾ ਸੁੱਟਣ ਤੇ ਚਲਾਨ ਕੀਤੇ ਜਾਣਗੇ ਅਤੇ ਇਸ ਮਲਬੇ ਨੂੰ ਇਸਤੇਮਾਲ ਕਰਕੇ ਦੁਬਾਰਾ ਨਿਰਮਾਣ ਕਾਰਜਾਂ ਲਈ ਵਰਤਿਆ ਜਾ ਸਕੇਗਾ।

ਇਸ ਮੌਕੇ ਵਿਧਾਇਕਾ ਸ੍ਰੀਮਤੀ ਜੀਵਨ ਜੋਤ ਕੌਰ , ਵਿਧਾਇਕ ਡਾ. ਅਜੈ ਗੁਪਤਾ, ਐਸ.ਈ: ਸ: ਸੰਦੀਪ ਸਿੰਘ, ਐਸ.ਡੀ.ਓ. ਸ: ਅਨੁਦੀਪਕ ਸਿੰਘ, ਓ.ਐਸ.ਡੀ. ਸ: ਮਨਪ੍ਰੀਤ ਸਿੰਘ, ਸ੍ਰੀ ਨਵਨੀਤ ਸ਼ਰਮਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

1- ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨਾਲ ਲਗਪਗ 60 ਕਰੋੜ ਰੁਪਏ ਦੀ ਲਾਗਤ ਨਾਲ ਸਕਾਈਵਾਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦੇ ਹੋਏ

2- ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਯੂ ਬੀ ਡੀ ਸੀ ਪ੍ਰੋਜੈਕਟ ਅਧੀਨ ਤਾਰਾਂ ਵਾਲਾ ਪੁਲ ਦੇ ਨੇੜੇ ਬ੍ਰਿਟਿਸ਼ ਕਾਲ ਦੌਰਾਨ ਬਣੇ ਇੱਕ ਹਾਈਡਰੋ ਪਾਵਰ ਪਲਾਂਟ ਦੇ ਨਾਲ ਇੱਕ ਵਧੀਆ ਪਿਕਨਿਕ ਸਥਾਨ ਦਾ ਉਦਘਾਟਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ

3- ਕੇਂਦਰੀ ਹਲਕੇ ਦੇ ਅਧੀਨ ਪੈਂਦੇ ਇਲਾਕੇ ਫਤਾਹਪੁਰ ਵਿਖੇ ਸਮਾਰਟ ਸਿਟੀ ਤਹਿਤ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਮਲਬਾ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਵਿਧਾਇਕ ਡਾ. ਅਜੈ ਗੁਪਤਾ