Punjab News: ਲੁਧਿਆਣਾ ਗੰਦੇ ਨਾਲੇ ਵਿਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼; CCTV ਦੀ ਜਾਂਚ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਨੂੰ ਨਾਲੇ ਦੇ ਕੰਢੇ ਕਿਸ ਨੇ ਸੁੱਟਿਆ ਇਸ ਬਾਰੇ ਅਜੇ ਤਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ।

Body of a newborn baby found in Ludhiana

Punjab News: ਲੁਧਿਆਣਾ 'ਚ ਅੱਜ ਸਵੇਰੇ ਕਿਰਪਾਲ ਨਗਰ ਦੇ ਗੰਦੇ ਨਾਲੇ 'ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਇਕ ਰਾਹਗੀਰ ਨੇ ਬੱਚੇ ਦੀ ਲਾਸ਼ ਨਾਲੇ ਦੇ ਕੰਢੇ ਦੇਖੀ ਅਤੇ ਗਊਸ਼ਾਲਾ ਦੇ ਸ਼ਮਸ਼ਾਨ ਘਾਟ ਦੀ ਦੇਖਭਾਲ ਕਰ ਰਹੇ ਰਾਧੇ ਨੂੰ ਦਿਤੀ। ਇਸ ਨੂੰ ਨਾਲੇ ਦੇ ਕੰਢੇ ਕਿਸ ਨੇ ਸੁੱਟਿਆ ਇਸ ਬਾਰੇ ਅਜੇ ਤਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ।

ਰਾਧੇ ਨੇ ਦਸਿਆ ਕਿ ਉਸ ਦਾ ਸਾਥੀ ਹੀਰਾ ਪੰਜਾਬ ਪੁਲਿਸ ਵਿਚ ਵਲੰਟੀਅਰ ਵਜੋਂ ਸਮਾਜ ਸੇਵਾ ਕਰਦਾ ਹੈ। ਅੱਜ ਸਵੇਰੇ ਜਦੋਂ ਉਹ ਕਿਰਪਾਲ ਨਗਰ ਪੁਲੀ ਕੋਲੋਂ ਲੰਘ ਰਿਹਾ ਸੀ ਤਾਂ ਉਸ ਨੇ ਨਾਲੇ ਦੇ ਕੰਢੇ ਇਕ ਬੱਚੇ ਦੀ ਲਾਸ਼ ਪਈ ਦੇਖੀ। ਪਹਿਲਾਂ ਤਾਂ ਬੱਚੇ ਦਾ ਸਰੀਰ ਖਿਡੌਣੇ ਵਰਗਾ ਲੱਗਦਾ ਸੀ। ਨੇੜੇ ਜਾ ਕੇ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਲਾਸ਼ ਦੀ ਹਾਲਤ ਤੋਂ ਜਾਪਦਾ ਹੈ ਕਿ ਉਸ ਦਾ ਜਨਮ ਕੁੱਝ ਸਮਾਂ ਪਹਿਲਾਂ ਹੋਇਆ ਹੋਵੇਗਾ। ਇਲਾਕੇ ਦੇ ਲੋਕਾਂ ਨੇ ਤੁਰੰਤ ਥਾਣਾ ਦਰੇਸੀ ਦੀ ਪੁਲਿਸ ਨੂੰ ਸੂਚਿਤ ਕੀਤਾ। ਫਿਲਹਾਲ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਅਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ। ਪੁਲਿਸ ਨੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਬੱਚੇ ਨੂੰ ਸੁੱਟਣ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ।

 (For more Punjabi news apart from Body of a newborn baby found in Ludhiana, stay tuned to Rozana Spokesman)