ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੇਂਦਰੀ ਸੁਧਾਰ ਘਰ ਪਟਿਆਲਾ 'ਤੇ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਗਾ ਕੰਮ ਕਰਨ ਵਾਲਿਆਂ ਨੂੰ ਤਰੱਕੀ, ਕਾਲੀਆਂ ਭੇਡਾਂ ਨੂੰ ਸਖ਼ਤ ਸਜ਼ਾ : ਜੇਲ ਮੰਤਰੀ

Sukhvinder Singh Randhava

 ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਵੇਰੇ ਕਰੀਬ 7.30 ਵਜੇ ਕੇਂਦਰੀ ਸੁਧਾਰ ਘਰ ਪਟਿਆਲਾ 'ਤੇ ਅਚਾਨਕ ਛਾਪਾ ਮਾਰਿਆ। ਪੰਜਾਬ ਦੀਆਂ ਜੇਲਾਂ ਦੇ ਨਰੀਖਣ ਕਰਨ ਦੀ ਸ਼ੁਰੂਆਤ ਪਟਿਆਲਾ ਤੋਂ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੀਆਂ ਜੇਲਾਂ 'ਚ ਸੁਧਾਰ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਜੇਲਾਂ 'ਚ ਮੋਬਾਈਲਾਂ ਦੀ ਦੁਰਵਰਤੋਂ ਰੋਕਣ ਲਈ ਜੇਲ ਵਿਭਾਗ ਨੇ ਜੈਮਰਾਂ ਨੂੰ 3-ਜੀ ਤੋਂ 4-ਜੀ ਅਪਗ੍ਰੇਡ ਕਰਨ ਬਾਰੇ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ ਕਿਉਂਕਿ ਇਸ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਲਾਂ 'ਚ ਬੰਦ ਗੈਂਗਸਟਰਾਂ ਅਤੇ ਕੱਟੜ ਅਪਰਾਧੀਆਂ ਨਾਲ ਨਜਿੱਠਣ ਲਈ ਜੇਲ ਪ੍ਰਬੰਧਾਂ 'ਚ ਹੋਰ ਸੁਧਾਰਾਂ ਦੀ ਲੋੜ ਹੈ ਜਿਸ ਲਈ ਉਹ ਨਿਜੀ ਦਿਲਚਸਪੀ ਲੈ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਚੰਗਾ ਕੰਮ ਕਰਨ ਵਾਲਿਆਂ ਨੂੰ ਤਰੱਕੀ ਮਿਲੇਗੀ ਜਦਕਿ ਕਾਲੀਆਂ ਭੇਡਾਂ ਨੂੰ ਸਖ਼ਤ ਸਜ਼ਾ ਮਿਲੇਗੀ।

ਉਨ੍ਹਾਂ ਦਸਿਆ ਕਿ ਵਾਰਡਰਾਂ ਦੀਆਂ 420 ਨਵੀਆਂ ਆਸਾਮੀਆਂ ਪ੍ਰਵਾਨ ਕੀਤੀਆਂ ਗਈਆਂ ਹਨ, ਉਥੇ ਹੀ 150 ਜਣਿਆਂ ਦੀ ਸਿਖਲਾਈ ਪਟਿਆਲਾ 'ਚ, 375 ਦੀ ਆਰ.ਟੀ.ਸੀ. ਕਪੂਰਥਲਾ ਵਿਖੇ ਕਰਵਾਈ ਜਾ ਰਹੀ ਹੈ ਜਦਕਿ 267 ਵਾਰਡਰਾਂ ਦੀ ਹੋਰ ਭਰਤੀ ਦਾ ਕੰਮ ਚੱਲ ਰਿਹਾ ਹੈ। ਜੇਲ ਮੰਤਰੀ ਨੇ ਜੇਲ ਦੇ ਬੰਦੀਆਂ ਨਾਲ ਗੱਲਬਾਤ ਕੀਤੀ ਅਤੇ ਮੌਕੇ 'ਤੇ ਹੀ 50 ਬੰਦੀਆਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਵਾਇਆ। ਰੰਧਾਵਾ ਨੇ ਜੇਲ ਦੇ ਹਸਪਤਾਲ ਸਮੇਤ ਕੰਟੀਨ ਅਤੇ ਖਾਣੇ ਦਾ ਜਾਇਜ਼ਾ ਲਿਆ ਅਤੇ ਪਟਿਆਲਾ ਕੇਂਦਰੀ ਸੁਧਾਰ ਘਰ 'ਚ ਰੋਟੀਆਂ ਬਣਾਉਣ ਵਾਲੀਆਂ ਦੋ ਮਸ਼ੀਨਾਂ ਖ਼ਰੀਦਣ ਲਈ ਅਪਣੇ ਅਖ਼ਤਿਆਰੀ ਕੋਟੇ 'ਚੋਂ 7 ਲੱਖ ਰੁਪਏ ਦੇਣ ਸਮੇਤ ਇਥੇ ਵੇਰਕਾ ਦਾ ਬੂਥ ਖੋਲ੍ਹਣ ਦਾ ਵੀ ਐਲਾਨ ਕੀਤਾ।ਆਈ.ਜੀ. ਜੇਲਾਂ ਆਰ.ਕੇ. ਅਰੋੜਾ, ਪਟਿਆਲਾ ਜੇਲ ਦੇ ਸੀਨੀਅਰ ਸੁਪਰਡੈਂਟ ਰਾਜਨ ਕਪੂਰ, ਵਧੀਕ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।