ਸੋਸ਼ਲ ਮੀਡੀਆ ਰਾਹੀਂ ਅਧਿਆਪਕਾਂ ਦੀਆਂ ਮਿਲਣੀਆਂ ਦਾ ਪ੍ਰੋਗਰਾਮ ਨੇਪਰੇ ਚੜ੍ਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਭਰ ਦੇ ਸਾਹਿਤਕਾਰ/ਕਲਾਕਾਰ ਅਧਿਆਪਕਾਂ ਨਾਲ ਮਿਲਣੀਆਂ ਨੇਪਰੇ ਚੜੀਆਂ

File Photo

ਪਟਿਆਲਾ 25 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਸਕੱਤਰ ਸਕੂਲ ਸਿਖਿਆ ਵਿਭਾਗ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਰਾਜ ਦੇ ਸਰਕਾਰੀ ਸਕੂਲਾਂ 'ਚ ਸੇਵਾਵਾਂ ਨਿਭਾ  ਰਹੇ ਲਿਖਾਰੀਆਂ ਤੇ ਕਲਾਕਾਰਾਂ ਨਾਲ ਸੋਸ਼ਲ ਮੀਡੀਆ ਰਾਹੀਂ ਜ਼ਿਲ੍ਹਾਵਾਰ ਮਿਲਣੀਆਂ ਅੱਜ ਨੇਪਰੇ ਚੜ੍ਹ ਗਈਆਂ ਹਨ। ਇੰਨ੍ਹਾਂ ਮਿਲਣੀਆਂ ਵਿਚ ਜਿਥੇ ਹਰੇਕ ਜ਼ਿਲ੍ਹੇ ਦੇ ਚੋਣਵੇਂ ਸਾਹਿਤਕਾਰ/ਕਲਾਕਾਰ ਅਧਿਆਪਕਾਂ ਨੇ ਹਿੱਸਾ ਲਿਆ ਉੱਥੇ ਡੀ.ਪੀ.ਆਈ. (ਐਲੀ.) ਇੰਦਰਜੀਤ ਸਿੰਘ ਤੇ ਪੜ੍ਹੋ ਪੰਜਾਬ ਮੁਹਿੰਮ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਸੂਤਰਧਾਰ ਭੂਮਿਕਾ ਨਿਭਾਈ।

ਇੰਨ੍ਹਾਂ ਮਿਲਣੀਆਂ ਦੇ ਅੱਜ ਆਖਰੀ ਪੜਾਅ ਵਿਚ ਪਟਿਆਲਾ ਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਲਿਖਾਰੀਆਂ/ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮਿਲਣੀ ਦੌਰਾਨ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਾਡੇ ਸਮਾਜ ਨੂੰ ਸੇਧ ਦੇਣ ਲਈ ਸਾਹਿਤ ਨੇ ਹਰ ਯੁੱਗ 'ਚ ਮੋਹਰੀ ਭੂਮਿਕਾ ਨਿਭਾਈ ਹੈ। ਜਿਸ ਕਰ ਕੇ ਕਰੋਨਾ ਸੰਕਟ ਦੇ ਸਮੇਂ ਵੀ ਸਾਹਿਤਕਾਰਾਂ/ਕਲਾਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਕਰੋਨਾ ਸੰਕਟ ਦੇ ਸਮੇਂ ਚੜ੍ਹਦੀ ਕਲਾ ਵਿਚ ਰਹਿਕੇ, ਅੱਗੇ ਵਧਣ ਲਈ ਪ੍ਰੇਰਿਤ ਕਰਨ। ਉੁਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਲਈ ਮਾਣ ਦੀ ਗੱਲ ਹੈ ਕਿ ਇਸ 'ਚ ਬਹੁਤ ਸਾਰੇ ਨਾਮਵਰ ਲਿਖਾਰੀ/ ਕਲਾਕਾਰ ਸੇਵਾਵਾਂ ਨਿਭਾ ਰਹੇ ਹਨ।

ਉਨ੍ਹਾਂ ਅਧਿਆਪਕ ਸਾਹਿਤਕਾਰਾਂ/ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਅਪਣੀਆਂ ਕ੍ਰਿਤਾਂ ਰਾਹੀਂ ਜਿੱਥੇ ਸਮਾਜ ਨੂੰ ਵਧੀਆ ਸੇਧ ਦਿੰਦੇ ਹਨ ਉੱਥੇ ਉਹ ਵਿਦਿਆਰਥੀਆਂ ਨੂੰ ਸ਼ੋਸ਼ਲ ਮੀਡੀਆ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਸਾਹਿਤ ਪੜ੍ਹਨ ਤੇ ਸਿਰਜਣ ਲਈ ਪ੍ਰੇਰਿਤ ਕਰਨ। ਇੰਨ੍ਹਾਂ ਮਿਲਣੀਆਂ ਦੌਰਾਨ ਡੀ.ਪੀ.ਆਈ. (ਐਲੀ.) ਇੰਦਰਜੀਤ ਸਿੰਘ ਨੇ ਕਿਹਾ ਕਿ ਅਧਿਆਪਕ ਹਮੇਸ਼ਾਂ ਹੀ ਸਮਾਜ ਲਈ ਮਾਰਗਦਰਸ਼ਕ ਬਣਦੇ ਹਨ। ਇਸ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣੀ ਸਿਰਜਣਾ ਸ਼ਕਤੀ ਦਾ ਸਦਉਪਯੋਗ ਕਰਦੇ ਰਹਿਣ। ਇੰਨ੍ਹਾਂ ਮਿਲਣੀਆਂ ਦੇ ਪ੍ਰਬੰਧਕ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਰਾਜ ਦੇ ਸਾਰੇ 22 ਜ਼ਿਲ੍ਹਿਆਂ ਦੇ ਅਧਿਆਪਕਾਂ ਨਾਲ ਜਿਲ੍ਹਾਵਾਰ ਬੈਠਕਾਂ ਦਾ ਕਾਰਜ ਅੱਜ ਨੇਪਰੇ ਚੜ੍ਹ ਗਿਆ ਹੈ।

ਡਾ. ਬੋਹਾ ਨੇ ਦਸਿਆ ਕਿ ਜਿੱਥੇ ਇਸ ਵੇਲੇ ਰਾਜ ਵਿਚ ਜ਼ਿਆਦਾਤਰ ਸਰਗਰਮੀਆਂ ਕਰੋਨਾ ਦੇ ਕਹਿਰ ਕਾਰਨ ਠੱਪ ਹਨ, ਉੱਥੇ ਸਕੱਤਰ  ਕ੍ਰਿਸ਼ਨ ਕੁਮਾਰ ਦੇ ਸਰਕਾਰੀ ਸਕੂਲ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਆਧੁਨਿਕ ਸੰਚਾਰ ਸਾਧਨਾਂ ਰਾਹੀਂ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ। ਅੱਜ ਆਖਰੀ ਦਿਨ ਸਾਹਿਤਕ ਮਿਲਣੀਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਅਧਿਆਪਕ ਸਾਹਿਤਕਾਰਾਂ/ਲਿਖਾਰੀਆਂ ਨੇ ਮਨਜੀਤ ਪੁਰੀ ਅਤੇ ਪਟਿਆਲਾ ਜਿਲ੍ਹੇ ਦੇ ਡਾ. ਅਮਰਜੀਤ ਕੌਂਕੇ ਦੀ ਰਹਿਨੁਮਾਈ ਵਿਚ ਸ਼ਮੂਲੀਅਤ ਕੀਤੀ।

ਕੋਆਰਡੀਨੇਟਰ ਡਾ. ਅਮਰਜੀਤ ਕੌਂਕੇ ਅਨੁਸਾਰ ਪਟਿਆਲਾ ਜ਼ਿਲ੍ਹੇ ਵਿਚੋਂ ਪ੍ਰਿੰ. ਡਾ. ਨਰਿੰਦਰ ਨਿਸਚਲ, ਡਾ. ਸੁਖਦਰਸ਼ਨ ਸਿੰਘ ਚਹਿਲ, ਸੁਮਨ ਬੱਤਰਾ, ਹਰਪ੍ਰੀਤ ਰਾਣਾ, ਨਰਿੰਦਰਪਾਲ ਕੌਰ ਭੀਖੀ, ਰਾਜਵਿੰਦਰ ਕੌਰ ਜਟਾਣਾ, ਡਾ. ਪਰਮਦੀਪ ਕੌਰ, ਸੁਖਜੀਵਨ ਸਿੰਘ, ਸੰਤੋਖ ਸੁੱਖੀ ਤੇ ਸੰਤੋਸ਼ ਸੰਧੀਰ ਨੇ ਹਿੱਸਾ ਲਿਆ। ਫ਼ਰੀਦਕੋਟ ਵਲੋਂ ਖੁਸ਼ਵੰਤ ਬਰਗਾੜੀ, ਡਾ. ਸੰਤੋਖ ਸਿੰਘ, ਦਵਿੰਦਰ ਸੈਫੀ, ਸੁਖਵਿੰਦਰ ਸਾਰੰਗ, ਰੰਗ ਹਰਜਿੰਦਰ ਆਦਿ ਨੇ ਹਿੱਸਾ ਲਿਆ।