ਦਿਨ ਦਿਹਾੜੇ ਔਰਤ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਕਾਠਗੜ੍ਹ ਅਧੀਨ ਪੈਂਦੇ ਪਿੰਡ ਸੁਧਾ ਮਾਜਰਾ ਵਿਖੇ ਸ਼ਨੀਵਾਰ ਦਿਨ ਦਿਹਾੜੇ ਇਕ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪੁੱਜੇ ਡੀ. ਐੱਸ. ਪੀ.

File Photo

ਬਲਾਚੌਰ, 25 ਅਪ੍ਰੈਲ (ਪਪ): ਥਾਣਾ ਕਾਠਗੜ੍ਹ ਅਧੀਨ ਪੈਂਦੇ ਪਿੰਡ ਸੁਧਾ ਮਾਜਰਾ ਵਿਖੇ ਸ਼ਨੀਵਾਰ ਦਿਨ ਦਿਹਾੜੇ ਇਕ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦਸਿਆ ਕਿ ਕੰਟਰੋਲ ਰੂਮ ਉਤੇ ਔਰਤ ਦੀ ਹਤਿਆ ਸਬੰਧੀ ਆਈ ਜਾਣਕਾਰੀ ਉਪਰੰਤ ਉਹ ਐੱਸ. ਐੱਚ. ਓ. ਕਾਠਗੜ੍ਹ ਪਰਮਿੰਦਰ ਸਿੰਘ ਸਣੇ ਮੌਕੇ ਉਤੇ ਪੁੱਜ ਗਏ ਸਨ। ਉਨ੍ਹਾਂ ਦਸਿਆ ਕਿ ਮੌਕੇ ਉਤੇ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਨਰਿੰਦਰ ਕੌਰ (40) ਦਾ ਪਤੀ ਖੇਤਾਂ ਵਿਚ ਕੰਮ ਕਰਨ ਲਈ ਗਿਆ ਸੀ, ਜਦਕਿ ਉਸ ਦਾ 15 ਸਾਲਾ ਲੜਕਾ ਜੋ ਬੋਲ੍ਹਣ ਵਿਚ ਅਸਮਰਥ ਹੈ, ਘਰ ਵਿਚ ਸੀ।

ਡੀ. ਐੱਸ. ਪੀ. ਨੇ ਦਸਿਆ ਕਿ ਕਰੀਬ 2 ਵਜੇ ਉਪਰੋਕਤ ਲੜਕੇ ਨੇ ਅਪਣੀ ਮਾਂ ਨੂੰ ਘਰ ਦੇ ਇਕ ਖੁੰਝੇ ਵਿਚ ਲਹੂਲੁਹਾਨ ਦੇਖਿਆ ਤਾਂ ਉਹ ਘਰ ਦੇ ਬਾਹਰ ਗਲੀ ਵਿਚ ਆ ਕੇ ਉੱਚੀ ਆਵਾਜ਼ ਵਿਚ ਰੌਣ ਲੱਗਾ। ਜਿਸ ਉਤੇ ਗੁਆਂਢ ਦੀਆਂ 2 ਮਹਿਲਾਵਾਂ ਜਦੋਂ ਉਸ ਦੇ ਘਰ ਆਈਆਂ ਤਾਂ ਉਪਰੋਕਤ ਨਰਿੰਦਰ ਕੌਰ ਮਹਿਲਾ ਮਰੀ ਪਈ ਸੀ। ਡੀ. ਐੱਸ. ਪੀ. ਨੇ ਦਸਿਆ ਕਿ ਸ਼ੁਰੂਆਤੀ ਜਾਣਕਾਰੀ ਵਿਚ ਸਾਹਮਣੇ ਆਇਆ ਹੈ ਕਿ ਉਪਰੋਕਤ ਮਹਿਲਾ ਦਾ ਕਤਲ ਕਿਸੇ ਅਣਪਛਾਤੇ ਵਿਅਕਤੀ ਵਲੋਂ ਗਲੇ ਵਿਚ ਤੇਜ਼ਧਾਰ ਹੱਥਿਆਰ ਰੱਖ ਕੇ ਗਲਾ ਘੁੱਟ ਕੇ ਕੀਤਾ ਗਿਆ ਹੈ।

ਉਨ੍ਹਾਂ ਦਸਿਆ ਕਿ ਲਾਸ਼ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਹਤਿਆ ਸਵੇਰੇ ਕਰੀਬ 12 ਵਜੇ ਹੋਈ ਹੈ। ਉਨ੍ਹਾਂ ਦਸਿਆ ਕਿ ਫ਼ੋਰੈਂਸਿਕ ਅਤੇ ਫਿੰਗਰ ਪ੍ਰਿੰਟ ਟੀਮ ਵਲੋਂ ਮੌਕੇ ਉਤੇ ਸਬੂਤ ਜੁਟਾਉਣ ਦੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦਸਿਆ ਕਿ ਪੁਲਿਸ ਨੇ ਫਿਲਹਾਲ ਅਣਪਛਾਤੇ ਕਾਤਲ ਵਿਰੁਧ ਹਤਿਆ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।