ਕਣਕ ਦੀ ਖ਼ਰੀਦ 'ਚ ਤੇਜ਼ੀ ਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਰੇ ਮੁਲਕ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲਗਾਈਆਂ ਪਾਬੰਦੀਆਂ ਦੇ

File Photo

ਚੰਡੀਗੜ੍ਹ,  25 ਅਪ੍ਰੈਲ (ਜੀ.ਸੀ. ਭਾਰਦਵਾਜ): ਸਾਰੇ ਮੁਲਕ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲਗਾਈਆਂ ਪਾਬੰਦੀਆਂ ਦੇ ਚਲਦਿਆਂ ਕਣਕ ਦੀ ਵਾਢੀ ਤੇ 4000 ਖ਼ਰੀਦ ਕੇਂਦਰਾਂ ਵਿਚ ਮਸ਼ਰੂਫ਼ 15 ਲੱਖ ਕਿਸਾਨ ਖੇਤੀ ਮਜ਼ਦੂਰ ਤੇ ਸਟਾਫ਼ ਦੀ ਦਿਨ-ਰਾਤ ਮਿਹਨਤ ਸਦਕਾ ਇਸ ਸਰਹੱਦੀ ਸੂਬੇ ਵਿਚ ਅੱਜ ਤਕ ਕਣਕ ਦੀ ਖ਼ਰੀਦ 4100000 ਟਨ ਤੋਂ ਟੱਪ ਗਈ ਹੈ। ਇਹ ਅੰਕੜਾ ਪਿਛਲੇ ਸਾਲ ਅੱਜ ਦੀ ਤਰੀਕ ਤਕ ਕੀਤੀ ਖ਼ਰੀਦ ਤੋਂ ਡੇਢ ਗੁਣਾ ਤੋਂ ਵੀ ਵੱਧ ਹੈ।

ਪਿਛਲੇ ਤਿੰਨ ਦਿਨ ਤੋਂ ਮੌਸਮ ਸਾਫ਼ ਅਤੇ ਗਰਮੀ ਵਧਣ ਨਾਲ ਕੁੱਝ ਤੇਜ਼ੀ ਤਾਂ ਆਈ ਹੈ ਪਰ ਕਰਫ਼ਿਊ ਕਰ ਕੇ, ਕੋਰੋਨਾ ਨੂੰ ਫੈਲਣ ਤੋਂ ਰੋਕਣ ਅਤੇ ਮੰਡੀਆਂ ਵਿਚ ਭੀੜ ਘੱਟ ਕਰਨ ਦੀ ਮਨਸ਼ਾ ਨਾਲ ਰੋਜ਼ਾਨਾ ਪਾਸ ਤੇ ਟੋਕਨ ਨਿਯਮਤ ਰੂਪ ਵਿਚ ਜਾਰੀ ਕੀਤੇ ਜਾਂਦੇ ਹਨ ਜਿਸ ਨਾਲ ਕਿਸਾਨਾਂ ਦੀ ਪ੍ਰੇਸ਼ਾਨੀ ਵਧ ਰਹੀ ਹੈ।
ਇਨ੍ਹਾਂ ਸਮੱਸਿਆਵਾਂ ਬਾਰੇ ਅਨਾਜ ਸਪਲਾਈ ਡਾਇਰੈਕਟਰ ਅਨੰਦਿਤਾ ਮਿੱਤਰਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਗੱਲਬਾਤ ਦੌਰਾਨ ਦਸਿਆ ਕਿ ਫਿਲਹਾਲ ਕੁਲ 27 ਲੱਖ ਟੋਕਨ ਜਾਰੀ ਕੀਤੇ ਹਨ

ਅਤੇ ਕਿਸਾਨਾਂ  ਨੂੰ ਆੜ੍ਹਤੀਆਂ ਰਾਹੀਂ ਰੋਜ਼ਾਨਾ 5 ਤੋਂ  7 ਟਨ ਕਣਕ ਹੀ ਮੰਡੀਆਂ ਵਿਚ ਲਿਆਉਣ ਦੀ ਇਜਾਜ਼ਤ ਦਿਤੀ ਜਾ ਰਹੀ ਹੈ ਤਾਕਿ ਪ੍ਰ੍ਰਬੰਧ ਵੀ ਠੀਕ ਰਹੇ। ਉਨ੍ਹਾਂ ਕਿਹਾ ਹੁਣ ਤਕ ਪੰਜਾਬ ਦੀਆਂ ਚਾਰ ਏਜੰਸੀਆਂ ਮਾਰਕਫ਼ੈੱਡ, ਪਨਗ੍ਰੇਨ, ਪਨਸਪ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਖ਼ਰੀਦੀ ਕਣਕ ਦੀ 3776 ਕਰੋੜ ਦੀ ਅਦਾਇਗੀ ਕਰਨੀ ਹੈ ਜਿਸ ਵਿਚੋਂ 1000 ਕਰੋੜ ਜਾਰੀ ਕੀਤੀ ਜਾ ਚੁੱਕੇ ਹਨ, ਬਾਕੀ ਵੀ 48 ਤੋਂ 72 ਘੰਟੇ ਵਿਚ-ਵਿਚ ਸ਼ਰਤ ਮੁਤਾਬਕ ਨਾਲੋਂ-ਨਾਲ ਜਾਰੀ ਹੋ ਰਹੇ ਹਨ।

ਵੱਖ-ਵੱਖ ਮੰਡੀਆਂ ਵਿਚੋਂ ਕਣਕ ਦੇ ਲੱਗੇ ਅੰਬਾਰ, ਕਿਸਾਨੀ ਦੇ ਮਾਹਰ ਤੇ ਖੇਤੀ-ਵਿਗਿਆਨੀਆਂ ਦੇ ਕੂਪਨ ਸਿਸਟਮ 'ਤੇ ਕੀਤੇ ਜਾ ਰਹੇ ਕਿੰਤੂ-ਪੰ੍ਰਤੂ ਅਤੇ ਕਿਸਾਨ ਜਥੇਬੰਦੀਆਂ ਵਲੋਂ ਦਿਤੀਆਂ ਜਾ ਰਹੀਆਂ ਧਮਕੀਆਂ ਸਬੰਧੀ ਪੁੱਛੇ ਸੁਆਲਾਂ ਦੇ ਜਵਾਬ ਵਿਚ ਡਾਇਰੈਕਟਰ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਸਰਕਾਰ ਤੇ ਏਜੰਸੀਆਂ ਵਲੋਂ ਕੀਤੇ ਗਏ ਪ੍ਰਬੰਧ ਠੀਕ-ਠਾਕ ਹਨ, ਖਰੀਦ ਤੇ ਪੈਸੇ ਦੀ ਅਦਾਇਗੀ ਸਮੇਂ ਅਨੁਸਾਰ ਹੈ,

ਲਿਫ਼ਟਿੰਗ ਵੀ 17 ਲੱਖ ਟਨ ਤੋਂ ਵੱਧ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਬਾਕ, ਕਣਕ ਦੀ ਖਰੀਦ 135 ਲੱਖ ਟਨ ਦਾ ਟੀਚਾ 15 ਜੂਨ ਤੋਂ ਪਹਿਲਾਂ-ਪਹਿਲਾਂ ਸਰ ਕਰ ਲਿਆ ਜਾਵੇਗਾ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਪ੍ਰਧਾਨਾਂ, ਸਕੱਤਰਾਂ ਤੇ ਹੋਰ ਅਹੁਦੇਦਾਰਾਂ  ਤੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਲਾਕਡਾਊਨ ਦੌਰਾਨ ਲੇਬਰ ਦੀ ਭਾਰੀ ਕਮੀ ਹੈ ਅਤੇ ਆੜ੍ਹਤੀਆਂ  ਦੇ ਸਹਿਯੋਗ ਨਾਲ ਕਣਕ ਦੇ ਇਸ ਸੀਜ਼ਨ ਵਾਸਤੇ ਮਕਾਨ ਉਸਾਰੀ ਵਾਲੇ ਮਜ਼ਦੂਰਾਂ, ਮਨਰੇਗਾ ਵਰਕਰਾਂ, ਹੋਟਲ-ਫ਼ੈਕਟਰੀ ਵਰਕਰਾਂ ਤੋਂ ਕੰਮ ਲਿਆ ਜਾ ਰਿਹਾ ਹੈ। ਇਨ੍ਹਾਂ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮੌਸਮ ਦੀ ਨਜ਼ਾਕਤ ਨੂੰ ਦੇਖਦਿਆਂ ਕੂਪਨ-ਟੋਕਨ ਸਿਸਟਮ ਵਿਚ ਕਾਫ਼ੀ ਨਰਮੀ ਵਰਤੀ ਜਾਵੇ ਕਿਉਂਕਿ ਕਣਕ ਦੇ ਢੇਰ ਲਾਉਣ ਨੂੰ ਘਰਾਂ ਵਿਚ ਜਗ੍ਹਾ ਨਹੀਂ ਹੈ।