ਕੋਰੋਨਾ ਨਾਲ ਮੌਤਾਂ ਦਾ ਅੰਕੜਾ ਘੱਟ ਦਸਿਆ ਜਾ ਰਿਹਾ ਹੈ : ਰਾਹੁਲ
ਕੋਰੋਨਾ ਨਾਲ ਮੌਤਾਂ ਦਾ ਅੰਕੜਾ ਘੱਟ ਦਸਿਆ ਜਾ ਰਿਹਾ ਹੈ : ਰਾਹੁਲ
ਨਵੀਂ ਦਿੱਲੀ, 25 ਅਪ੍ਰੈਲ : ਕਾਂਗਰਸ ਦੇ ਸਾਬਕਾ ਪਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀ ‘ਫ਼ਰਜ਼ੀ ਛਵੀ’ ਨੂੰ ਬਚਾਉਣ ਲਈ ਕੋਰੋਨਾ ਮਹਾਂਮਾਰੀ ਨਾਲ ਜੁੜੇ ਸੱਚ ਨੂੰ ਲੁਕਾਇਆ ਜਾ ਰਿਹਾ ਹੈ ਅਤੇ ਮੌਤਾਂ ਦਾ ਅੰਕੜਾ ਘੱਟ ਦਸਿਆ ਜਾ ਰਿਹਾ ਹੈ। ਉਨ੍ਹਾਂ ਟਵੀਟ ਕੀਤਾ, ‘‘ਸਿਸਟਮ ਫ਼ੇਲ’ ਹੈ ਇਸ ਲਈ ਇਹ ਲੋਕਹਿਤ ਦੀ ਗੱਲ ਕਰਨੀ ਜ਼ਰੂਰੀ ਹੈ। ਇਸ ਸੰਕਟ ’ਚ ਦੇਸ਼ ਨੂੰ ਜ਼ਿੰਮੇਦਾਰ ਨਾਗਰਿਕਾਂ ਦੀ ਲੋੜ ਹੈ। ਅਪਣੇ ਕਾਂਗਰਸ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਸਾਰੇ ਸਿਆਸੀ ਕੰਮ ਛੱਡ ਕੇ ਸਿਰਫ਼ ਲੋਕਾਂ ਦੀ ਮਦਦ ਕਰੋ, ਹਰ ਤਰ੍ਹਾਂ ਨਾਲ ਦੇਸ਼ਵਾਸੀਆਂ ਦਾ ਦੁਖ ਦੂਰ ਕਰੋ। ਕਾਂਗਰਸ ਪਰਵਾਰ ਦਾ ਇਹ ਹੀ ਧਰਮ ਹੈ।’’ ਕਾਂਗਰਸ ਆਗੂ ਨੇ ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ, ‘‘ਸੱਚ ’ਤੇ ਪਰਦਾ ਪਾਇਆ ਜਾ ਰਿਹਾ ਹੈ, ਆਕਸੀਜਨ ਦੀ ਕਮੀ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਮੌਤਾਂ ਦੇ ਅੰਕੜਿਆਂ ਨੂੰ ਘੱਟ ਦਸਿਆ ਜਾ ਰਿਹਾ ਹੈ। ਭਾਰਤ ਸਰਕਾਰ ਅਪਣੀ ਫਰਜ਼ੀ ਛਵੀ ਬਚਾਉਣ ਲਈ ਸੱਭ ਕੁੱਝ ਕਰ ਰਹੀ ਹੈ।’’ (ਏਜੰਸੀ)