ਕੋਟਕਪੂਰਾ - ਸ਼ੇਰੇ ਪੰਜਾਬ ਨਗਰ ਦੇ ਨਜ਼ਦੀਕ ਕੂੜੇ ਦੇ ਢੇਰ ਚੋਂ ਮਿਲਿਆ ਨਵ-ਜੰਮਿਆ ਮਰਿਆ ਬੱਚਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਹੱਲਾ ਵਾਸੀਆਂ ਨੇ ਇਸ ਖਾਲੀ ਜਗ੍ਹਾ ਤੇ ਕੀਤੀ ਪਾਰਕ ਜਾਂ ਸਕੂਲ ਬਣਾਉਣ ਦੀ ਮੰਗ ਕੀਤੀ

File photo

ਕੋਟਕਪੂਰਾ (ਗੁਰਪ੍ਰੀਤ ਸਿੰਘ ਔਲਖ)- ਅੱਜ ਕੋਟਕਪੂਰਾ ਤੋਂ ਸਵੇਰੇ-ਸਵੇਰੇ ਕੂੜੇ ਦੇ ਢੇਰ ਵਿਚੋਂ ਨਵਜੰਮੇ ਮਰੇ ਹੋਏ ਬੱਚੇ ਦੇ ਮਿਲਣ ਦੀ ਦੁਖਦਾਖੀ ਖ਼ਬਰ ਸਾਹਮਣੇ ਆਈ। ਦਰਅਸਲ ਸਵੇਰੇ ਕਰੀਬ 8 ਵਜੇ ਸ਼ਹਿਰ ਦੇ ਦੁਆਰੇਆਣਾ ਰੋਡ ਤੇ ਸ਼ੇਰੇ ਪੰਜਾਬ ਨਗਰ ਵਿਖੇ ਜਿੱਥੇ ਕੱਚੀਆਂ ਇੱਟਾਂ ਬਣਾਉਣ ਦਾ ਕੰਮ ਚੱਲਦਾ ਹੈ, ਉਸ ਦੇ ਨਜ਼ਦੀਕ ਲੱਗੇ ਕੂੜੇ ਦੇ ਢੇਰ ਵਿੱਚੋਂ ਇੱਕ ਨਵਜੰਮੇ ਮਰੇ ਹੋਏ ਬੱਚੇ ਦੇ ਮਿਲਣ ਦਾ ਪਤਾ ਲੱਗਾ ਹੈ।

ਮੌਕੇ ਤੇ ਮੌਜੂਦ ਵਾਰਡ ਨੰਬਰ- 26 ਤੋਂ ਕੌਂਸਲਰ ਬਲਤੇਜ਼ ਕੌਰ ਡਿੰਪਲ ਅਤੇ ਵਾਰਡ ਨੰਬਰ- 27 ਤੋਂ ਆਜਾਦ ਉਮੀਦਵਾਰ ਦੇ ਪਤੀ ਹਰਜਿੰਦਰ ਸਿੰਘ ਜਿੰਦੂ ਨੇ ਆਖਿਆ ਕਿ ਸਾਨੂੰ ਮੁਹੱਲੇ ਵਿੱਚੋਂ ਕਿਸੇ ਦਾ ਫੋਨ ਗਿਆ ਸੀ ਕਿ ਇੱਥੇ ਕੂੜੇ ਦੇ ਢੇਰ ਵਿਚ ਇੱਕ ਨਵ-ਜੰਮਿਆ ਬੱਚਾ ਪਿਆ ਹੈ ਜਦ ਅਸੀਂ ਇੱਥੇ ਆਏ ਤਾਂ ਅਸੀਂ ਦੇਖਿਆ ਕਿ ਇੱਕ ਨਵ ਜੰਮਿਆ ਬੱਚਾ ਇਥੇ ਕੂੜੇ ਦੇ ਢੇਰ ਵਿਚ ਮਰਿਆ ਪਿਆ ਹੈ ਤੇ ਉਸ ਦੇ ਆਲੇ-ਦੁਆਲੇ ਮੱਖੀਆਂ-ਮੱਛਰ ਆਦਿ ਸਨ। ਉਨ੍ਹਾਂ ਆਖਿਆ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ।

ਇੱਥੇ ਪਹਿਲਾਂ ਵੀ ਨਗਰ ਕੌਂਸਲ ਵੱਲੋਂ ਕੂੜਾ ਸੁੱਟਿਆ ਜਾਂਦਾ ਸੀ ਤੇ ਅਸੀਂ ਪਹਿਲਾਂ ਵੀ ਕਈ ਵਾਰ ਲੋਕਾਂ ਨੂੰ ਇੱਥੇ ਕੂੜਾ ਸੁੱਟਣ ਤੋਂ ਰੋਕਿਆ ਸੀ ਪਰ ਲੋਕ ਨਹੀਂ ਮੰਨਦੇ। ਜੇਕਰ ਅੱਜ ਇੱਥੇ ਨਵ-ਜੰਮਿਆ ਬੱਚਾ ਮਿਲਿਆ ਹੈ ਤਾਂ ਕੱਲ੍ਹ ਨੂੰ ਕੋਈ ਹੋਰ ਵੀ ਘਟਨਾ ਇੱਥੇ ਵਾਪਰ ਸਕਦੀ ਹੈ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ। ਹੁਣ ਸਾਡੀ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਹੈ ਕਿ ਸਾਡੇ ਛੋਟੇ ਬੱਚਿਆਂ ਨੂੰ ਇੱਥੋਂ ਦੂਰ ਆਪਣੇ ਸਕੂਲਾਂ ਨੂੰ ਜਾਣਾ ਪੈਂਦਾ ਹੈ। ਉਨਾਂ ਕਿਹਾ ਕਿ ਇਸ ਕਰਕੇ ਨਗਰ ਕੌਂਸਲ ਦੀ ਖਾਲੀ ਪਈ ਇਸ ਜਗ੍ਹਾ ਉੱਪਰ ਕੋਈ ਸਕੂਲ ਜਾਂ ਫਿਰ ਪਾਰਕ ਬਣਾ ਦਿੱਤਾ ਜਾਵੇ ਤਾਂ ਜੋ ਅੱਗੇ ਤੋਂ ਅਜਿਹੇ ਹਾਲਾਤ ਨਾ ਬਣ ਸਕਣ।

ਥਾਣਾ ਸਿਟੀ ਦੇ ਐਸਆਈ ਪ੍ਰੀਤਮ ਸਿੰਘ, ਏਐਸਆਈ ਚਮਕੌਰ ਸਿੰਘ ਤੇ ਉਨਾਂ ਦੀ ਟੀਮ ਨੇ ਇੱਥੇ ਮੌਕੇ ਤੇ ਪਹੁੰਚ ਕੇ ਮੁਹੱਲਾ ਵਾਸੀਆਂ ਦੇ ਬਿਆਨਾਂ ਨੂੰ ਨੋਟ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਸਾਨੂੰ ਇੱਥੋਂ ਦੇ ਮੁਹੱਲਾ ਵਾਸੀਆਂ ਦਾ ਫੋਨ ਗਿਆ ਸੀ ਕਿ ਇੱਥੇ ਇੱਕ ਮਰਿਆ ਹੋਇਆ ਨਵ-ਜੰਮਿਆ ਬੱਚਾ ਮਿਲਿਆ ਹੈ ਜਦ ਅਸੀਂ ਇੱਥੇ ਪਹੁੰਚੇ ਤਾਂ ਸਾਨੂੰ ਮੁਹੱਲਾ ਵਾਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ 8 ਵਜੇ ਦੀ ਦੱਸੀ ਗਈ ਤੇ ਅਸੀਂ ਕਰੀਬ 8-9 ਮਹੀਨਿਆਂ ਦੇ ਮਰੇ ਨਵ-ਜੰਮੇ ਬੱਚੇ ਨੂੰ ਲੈ ਕੇ ਮੈਡੀਕਲ ਲਈ ਭੇਜ ਦਿੱਤਾ ਹੈ ਤੇ ਫਿਲਹਾਲ ਮੁਹੱਲਾ ਵਾਸੀਆਂ ਦੇ ਬਿਆਨਾਂ ਦੇ ਆਧਾਰ ਤੇ ਅੱਗੇ ਕਾਰਵਾਈ ਕੀਤੀ ਜਾਵੇਗੀ। ਸਾਡੇ ਵੱਲੋਂ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ।