ਅਕਾਲੀ ਦਲ ਨੇ ਕੀਤਾ ਮੰਤਰੀ ਆਸ਼ੂ ਦੇ ਘਰ ਦਾ ਘਿਰਾਓ, ਕਿਸਾਨਾਂ ਦੇ ਹੱਕ 'ਚ ਕੀਤਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ ਸੂਬਾ ਸਰਕਾਰ ਨਹੀਂ ਲੈ ਰਹੀ ਕਿਸਾਨਾਂ ਦੀ ਸਾਰ  

Shiromani Akali Dal Protest Against Bharat Bhushan Ashu

 ਲੁਧਿਆਣਾ (ਰਾਜਵਿੰਦਰ ਸਿੰਘ)- ਇਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਕਰਕੇ ਹਰ ਰੋਜ਼ ਪੰਜਾਬ ਵਿਚ ਮੌਤਾਂ ਹੋ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਪੰਜਾਬ ਦੇ ਵਿਚ ਸਿਆਸਤ ਵੀ ਲਗਾਤਾਰ ਗਰਮਾਈ ਹੋਈ ਹੈ। ਹਰ ਰੋਜ਼ ਕੋਈ ਨਾ ਕੋਈ ਸਿਆਸਤਦਾਨ ਇਕ ਦੂਜੇ ਤੇ ਕਿਸੇ ਨਾ ਕਿਸੇ ਤੇ ਤੰਜ਼ ਕੱਸਦਾ ਰਹਿੰਦਾ ਹੈ। ਇਸ ਦੇ ਨਾਲ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਲੁਧਿਆਣਾ ਵਿਖੇ ਰਿਹਾਇਸ਼ ਦੇ ਬਾਹਰ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਮੰਡੀਆਂ ਵਿਚ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ ਪਰ ਸਰਕਾਰ ਸੁੱਤੀ ਪਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਬਾਕੀ ਸੂਬਿਆਂ ਦੇ ਵਿਚ ਕਣਕ ਦੀ ਖਰੀਦ ਮੁਕੰਮਲ ਹੋ ਚੁੱਕੀ ਹੈ ਪਰ ਪੰਜਾਬ ਦੀਆਂ ਮੰਡੀਆਂ ਵਿਚ ਹਾਲਾਤ ਠੀਕ ਨਹੀਂ ਹਨ।  ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲੇਟ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਮੰਡੀਆਂ ਵਿਚ ਬਾਰਦਾਨੇ ਦੀ ਸਮੱਸਿਆ ਕਿਸਾਨਾਂ ਨੂੰ ਦਰਪੇਸ਼ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਦੇ ਮਸਲੇ ਹੱਲ ਕਰਨ 'ਚ ਨਾਕਾਮ ਸਾਬਿਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਉੱਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਅੱਜ ਇਹ ਰੋਸ ਖੁਰਾਕ ਸਪਲਾਈ ਮੰਤਰੀ ਦੇ ਘਰ ਦੇ ਬਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਦੇਸ਼ ਲਈ ਅੰਨ ਪੈਦਾ ਕਰਨ ਵਾਲਾ ਪੰਜਾਬ ਦਾ ਕਿਸਾਨ ਮੰਡੀਆਂ 'ਚ ਖੱਜਲ ਖੁਆਰ ਹੋ ਰਿਹਾ ਹੈ। 

ਉੱਥੇ ਹੀ ਸਾਬਕਾ ਜੇਲ੍ਹ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਕਿਸਾਨ ਮੰਡੀਆਂ ਵਿਚ ਖੱਜਲ-ਖੁਆਰ ਹੋ ਰਹੇ ਹਨ ਅਤੇ ਮੁੱਖ ਮੰਤਰੀ ਸਾਹਿਬ ਘਰੋਂ ਨਹੀਂ ਨਿਕਲਦੇ। ਅੱਜ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਘਰ ਦੇ ਬਾਹਰ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਧਰਨੇ ਨੂੰ ਲੈ ਕੇ ਮੰਤਰੀ ਆਸ਼ੂ ਦੇ ਘਰ ਦੇ ਬਾਹਰ ਪੁਲਿਸ ਫੋਰਸ ਵੀ ਵੱਡੀ ਤਦਾਦ 'ਚ ਤੈਨਾਤ ਕੀਤੀ ਗਈ ਹੈ। ਮੌਕੇ ਤੇ ਮੌਜੂਦ ਏਸੀਪੀ ਜਤਿੰਦਰ ਸਿੰਘ ਨੇ ਕਿਹਾ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਅਤੇ ਜੇਕਰ ਕੋਈ ਕੋਰੋਨਾ ਮਹਾਂਮਾਰੀ ਨਿਯਮਾਂ ਦੀ ਧੱਜੀਆਂ ਉਡਾਏਗਾ। ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।