ਕਰਾਚੀ ਯੂਨੀਵਰਸਿਟੀ ਦੇ ਬਾਹਰ ਕਾਰ ’ਚ ਹੋਇਆ ਧਮਾਕਾ, ਤਿੰਨ ਚੀਨੀ ਮਹਿਲਾਵਾਂ ਸਮੇਤ 5 ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਕਰਾਚੀ ਯੂਨੀਵਰਸਿਟੀ ਦੇ ਬਾਹਰ ਕਾਰ ’ਚ ਹੋਇਆ ਧਮਾਕਾ, ਤਿੰਨ ਚੀਨੀ ਮਹਿਲਾਵਾਂ ਸਮੇਤ 5 ਦੀ ਮੌਤ

image

ਕਰਾਚੀ, 26 ਅਪ੍ਰੈਲ : ਪਾਕਿਸਤਾਨ ਦੀ ਆਰਥਿਕ ਰਾਜਧਾਨੀ ਸਥਿਤ ਕਰਾਚੀ ਯੂਨੀਵਰਸਿਟੀ ਦੇ ਕੰਪਲੈਕਸ ਵਿਚ ਮੰਗਲਵਾਰ ਨੂੰ ਇਕ ਕਾਰ ਵਿਚ ਹੋਏ ਧਮਾਕੇ ਵਿਚ 3 ਵਿਦੇਸ਼ੀ ਨਾਗਰਿਕਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸ਼ੁਰੂਆਤੀ ਖ਼ਬਰਾਂ ਮੁਤਾਬਕ ਯੂਨੀਵਰਸਿਟੀ ਵਿਚ ਕਨਫ਼ਿਊਸ਼ੀਅਸ ਇੰਸਟੀਚਿਊਟ ਨੇੜੇ ਇਕ ਵੈਨ ਵਿਚ ਧਮਾਕਾ ਹੋਇਆ। ਸਥਾਨਕ ਮੀਡੀਆ ਦੀਆਂ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਵੈਨ 2 ਵਿਦੇਸ਼ੀ ਨਾਗਰਿਕਾਂ ਸਮੇਤ ਲੈਕਚਰਾਰਾਂ ਨੂੰ ਲੈ ਕਾ ਜਾ ਰਹੀ ਸੀ ਜੋ ਯੂਨੀਵਰਸਿਟੀ ਵਿਚ ਪੜ੍ਹਾ ਕੇ ਪਰਤ ਰਹੇ ਸਨ। ਇਹ ਲੈਕਚਰਾਰ ਜ਼ਾਹਰ ਤੌਰ ’ਤੇ ਚੀਨੀ ਭਾਸ਼ਾ ਵਿਭਾਗ ਵਿਚ ਅਧਿਆਪਕ ਸਨ। ਖ਼ਬਰਾਂ ਮੁਤਾਬਕ ਧਮਾਕੇ ਵਿਚ 3 ਚੀਨੀ ਮਹਿਲਾ ਪ੍ਰੋਫ਼ੈਸਰ, ਇਕ ਉਨ੍ਹਾਂ ਦਾ ਪਾਕਿਸਤਾਨੀ ਡਰਾਈਵਰ ਅਤੇ ਇਕ ਗਾਰਡ ਦੀ ਮੌਤ ਹੋ ਗਈ। ਉਰਦੂ ਭਾਸ਼ਾ ਦੇ ਜੰਗ ਅਖ਼ਬਾਰ ਨੇ ਦਸਿਆ ਕਿ ਧਮਾਕਾ ਰਿਮੋਟ ਕੰਟਰੋਲ ਡਿਵਾਈਸ ਨਾਲ ਹੋਇਆ। ਕਰਾਚੀ ਪੁਲਿਸ ਮੁਖੀ ਗੁਲਾਮ ਨਬੀ ਨੇ ਦਸਿਆ ਕਿ ਇਹ ਇਕ ਫ਼ਿਦਾਇਨ ਹਮਲਾ ਹੈ। ਇਕ ਬੁਰਕਾ ਪਾਈ ਔਰਤ ਨੇ ਇਸ ਹਮਲੇ ਨੂੰ ਅੰਜ਼ਾਮ ਦਿਤਾ ਹੈ। ਉਨ੍ਹਾਂ ਦਸਿਆ ਕਿ ਵੈਨ ਵਿਚ 7-8 ਲੋਕ ਸਵਾਰ ਸਨ। 
ਨਬੀ ਨੇ ਦਸਿਆ ਕਿ ਇਸ ਧਮਾਕੇ ਤੋਂ ਬਾਅਦ ਘਟਨਾ ਸਥਾਨ ’ਤੇ ਗੋਲੀਬਾਰੀ ਵੀ ਕੀਤੀ ਗਈ। ਧਮਾਕੇ ਤੋਂ ਬਾਅਦ ਘਟਨਾਸਥਾਨ ’ਤੇ ਰੇਂਜਰਸ ਦੀ ਪਹੁੰਚੀ। ਇਸ ਗੋਲੀਬਾਰੀ ਵਿਚ ਚਾਰ ਲੋਕ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ। 
ਜਾਣਕਾਰੀ ਅਨੁਸਾਰ ਬਲੋਚ ਲਿਬਰੇਸ਼ਨ ਫ਼ਰੰਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦਸਿਆ ਜਾ ਰਿਹਾ ਹੈ ਕਿ ਜਦੋਂ ਇਹ ਧਮਾਕਾ ਕੀਤਾ ਗਿਆ ਉਦੋਂ ਵਿਦਿਆਰਥੀਆਂ ਦੇ ਮਾਪੇ ਵੀ ਘਟਨਾਸਥਾਨ ’ਤੇ ਮੌਜੂਦ ਸਨ।      (ਏਜੰਸੀ)