ਹੁਣ ਵੈਬਪੋਰਟਲ ਰਾਹੀਂ ਕੀਤੀ ਜਾ ਸਕੇਗੀ ਸਾਈਬਰ ਅਪਰਾਧ ਅਤੇ ਧੋਖਾਧੜੀ ਦੀ ਸ਼ਿਕਾਇਤ : ਡੀ.ਜੀ.ਪੀ. ਪੰਜਾਬ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਵੈਬਪੋਰਟਲ ਰਾਹੀਂ ਕੀਤੀ ਜਾ ਸਕੇਗੀ ਸਾਈਬਰ ਅਪਰਾਧ ਅਤੇ ਧੋਖਾਧੜੀ ਦੀ ਸ਼ਿਕਾਇਤ : ਡੀ.ਜੀ.ਪੀ. ਪੰਜਾਬ

image

ਚੰਡੀਗੜ੍ਹ, 25 ਅਪ੍ਰੈਲ (ਭੁੱਲਰ) : ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਨਾਗਰਿਕਾਂ ਦੀ ਸਹੂਲਤ ਲਈ ਇਕ ਇੰਟਰਫੇਸ ਮਲਟੀਫੰਕਸ਼ਨਲ ਵੈੱਬ- ਪੋਰਟਲ 'cybercrime. punjabpolice.gov.in' ਲਾਂਚ ਕੀਤਾ ਤਾਂ ਜੋ ਹਰ ਕਿਸਮ ਦੀ ਸਾਈਬਰ ਧੋਖਾਧੜੀ ਅਤੇ ਅਪਰਾਧਾਂ ਦੀ ਤੁਰਤ ਰੀਪੋਰਟ ਕੀਤੀ ਜਾ ਸਕੇ |
ਡੀ.ਜੀ.ਪੀ. ਵਲੋਂ ਡੀ.ਆਈ.ਜੀ. ਸਟੇਟ ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਅਤੇ ਡੀ.ਐਸ.ਪੀ. ਸਾਈਬਰ ਕ੍ਰਾਈਮ ਸਮਰਪਾਲ ਸਿੰਘ ਦੀ ਮੌਜੂਦਗੀ ਵਿਚ ਵੈੱਬ-ਪੋਰਟਲ ਲਾਂਚ ਕਰਨ ਉਪਰੰਤ ਸਾਈਬਰ ਕ੍ਰਾਈਮ ਡਵੀਜ਼ਨ ਦੀ ਸਮੁੱਚੀ ਟੀਮ ਨੂੰ  ਇਹ ਪੋਰਟਲ ਵਿਕਸਤ ਕਰਨ ਲਈ ਵਧਾਈ ਦਿਤੀ ਜਿਸ ਤਕ ਸਾਈਬਰ ਧੋਖਾਧੜੀ ਦੀ ਰੀਪੋਰਟ ਕਰਨ ਲਈ ਕੋਈ ਵੀ ਵਿਅਕਤੀ ਆਸਾਨੀ ਨਾਲ ਪਹੁੰਚ ਕਰ ਸਕਦਾ ਹੈ | 
ਨਵੇਂ ਉਪਭੋਗਤਾਵਾਂ ਲਈ ਇਸ ਵੈਬ-ਪੋਰਟਲ ਤਕ ਪਹੁੰਚ ਨੂੰ  ਹੋਰ ਆਸਾਨ ਬਣਾਉਣ ਲਈ, ਇਸ ਵੈਬਪੋਰਟਲ ਵਿਚ ਪੰਜਾਬੀ ਭਾਸ਼ਾ 'ਚ ਇਕ ਜਾਣਕਾਰੀ ਵਾਲੀ ਵੀਡੀਉ ਦਿਤੀ ਗਈ ਹੈ ਜਿਸ ਵਿਚ ਇਸ ਪੋਰਟਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਤੀ ਗਈ ਹੈ ਅਤੇ ਉਪਭੋਗਤਾਵਾਂ ਨੂੰ  ਕਿਸੇ ਵੀ ਕਿਸਮ ਦੇ ਸਾਈਬਰ ਅਪਰਾਧ ਬਾਰੇ ਸ਼ਿਕਾਇਤ ਦਰਜ ਕਰਨ ਬਾਰੇ ਮਾਰਗਦਰਸ਼ਨ ਕੀਤਾ ਗਿਆ ਹੈ | ਜਦੋਂ ਵੀ ਉਪਭੋਗਤਾ ਵੈਬਪੋਰਟਲ ਖੋਲ੍ਹਦਾ ਹੈ ਤਾਂ ਸਕ੍ਰੀਨ 'ਤੇ ਇਹ ਵੀਡੀਉ ਸਾਹਮਣੇ ਆ ਜਾਂਦੀ ਹੈ |
ਡੀ.ਜੀ.ਪੀ. ਵੀ.ਕੇ. ਭਾਵਰਾ ਨੇ ਕਿਹਾ ਕਿ ਹਰ ਤਰ੍ਹਾਂ ਦੇ ਸਾਈਬਰ ਅਪਰਾਧ ਅਤੇ ਸਾਈਬਰ ਵਿੱਤੀ ਧੋਖਾਧੜੀ ਸਬੰਧੀ ਮਾਮਲਾ ਦਰਜ ਕਰਨ ਤੋਂ ਇਲਾਵਾ, ਉਪਭੋਗਤਾ ਇਸ ਪੋਰਟਲ ਦੀ ਵਰਤੋਂ ਕਰ ਕੇ ਅਪਣੀ ਸ਼ਿਕਾਇਤ ਦੀ ਸਥਿਤੀ ਨੂੰ  ਵੀ ਟਰੈਕ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਪੋਰਟਲ ਵਿਚ ਗੁਪਤ ਰੂਪ 'ਚ ਸ਼ਿਕਾਇਤ ਦਰਜ ਕਰਵਾਉਣ ਦਾ ਵਿਕਲਪ ਵੀ ਦਿਤਾ ਗਿਆ ਹੈ |
ਉਨ੍ਹਾਂ ਕਿਹਾ ਕਿ ਇਹ ਵੈਬਪੋਰਟਲ ਸਾਈਬਰ ਸਾਧਨਾਂ ਰਾਹੀਂ ਕੀਤੀ ਗਈ ਕਿਸੇ ਵੀ ਵਿੱਤੀ ਧੋਖਾਧੜੀ ਦੀ ਰੀਪੋਰਟ 
ਕਰਨ ਲਈ ਸਿੱਧੇ '1930' 'ਤੇ ਕਾਲ ਕਰਨ ਦਾ ਵਿਕਲਪ ਵੀ ਦਿੰਦਾ ਹੈ | ਉਨ੍ਹਾਂ ਕਿਹਾ ਕਿ ਇਸ ਪੋਰਟਲ ਦੀ ਵਰਤੋਂ ਕਰਕੇ ਕੋਈ ਵੀ ਵਿਅਕਤੀ ਸਟੇਟ ਸਾਈਬਰ ਕ੍ਰਾਈਮ ਥਾਣਿਆਂ ਵਿੱਚ ਦਰਜ ਫਸਟ ਇਨਫਰਮੇਸ਼ਨ ਰਿਪੋਰਟਾਂ (ਐਫ.ਆਈ.ਆਰਜ) ਨੂੰ  ਵੀ ਡਾਊਨਲੋਡ ਕਰ ਸਕਦਾ ਹੈ |
ਹੋਰ ਜਾਣਕਾਰੀ ਦਿੰਦਿਆਂ, ਡੀ.ਆਈ.ਜੀ. ਨੀਲਾਂਬਰੀ ਨੇ ਕਿਹਾ ਕਿ ਉਪਭੋਗਤਾ ਇਸ ਵੈਬ-ਪੋਰਟਲ ਰਾਹੀਂ ਭਾਰਤ ਸਰਕਾਰ ਦੇ ਟਵਿੱਟਰ ਹੈਂਡਲ ਸਾਈਬਰ ਦੋਸਤ ਤੱਕ ਵੀ ਪਹੁੰਚ ਕਰ ਸਕਦੇ ਹਨ, ਜੋ ਸਾਈਬਰ ਅਪਰਾਧਾਂ ਬਾਰੇ ਜਾਣਕਾਰੀ, ਅਪਡੇਟਸ ਅਤੇ ਅਲਰਟ ਪ੍ਰਦਾਨ ਕਰਦਾ ਹੈ | ਉਹਨਾਂ ਅੱਗੇ ਕਿਹਾ ਕਿ ਇਸ ਪੋਰਟਲ ਵਿੱਚ ਸਾਈਬਰ ਸੇਫ ਨਾਮਕ ਇੱਕ ਵਿਸ਼ੇਸ਼ਤਾ ਵੀ ਹੈ ਜਿਸ ਦੀ ਵਰਤੋਂ ਕਰਦਿਆਂ ਉਪਭੋਗਤਾ ਵਿੱਤੀ ਧੋਖਾਧੜੀ ਨੂੰ  ਰੋਕਣ ਲਈ ਕਿਸੇ ਵੀ ਕਿਸਮ ਦਾ ਲੈਣ-ਦੇਣ ਕਰਨ ਤੋਂ ਪਹਿਲਾਂ ਯੂ.ਪੀ.ਆਈ. ਜਾਂ ਖਾਤਾ ਨੰਬਰ ਦੀ ਪੁਸ਼ਟੀ ਕਰ ਸਕਦੇ ਹਨ |