ਡੀ.ਏ.ਪੀ. ਦੇ ਰੇਟ 'ਚ ਵਾਧੇ ਨਾਲ ਪੰਜਾਬ ਦੇ ਕਿਸਾਨਾਂ ਉਪਰ 240 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ : ਕਿਸਾਨ ਆਗੂ

ਏਜੰਸੀ

ਖ਼ਬਰਾਂ, ਪੰਜਾਬ

ਡੀ.ਏ.ਪੀ. ਦੇ ਰੇਟ 'ਚ ਵਾਧੇ ਨਾਲ ਪੰਜਾਬ ਦੇ ਕਿਸਾਨਾਂ ਉਪਰ 240 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ : ਕਿਸਾਨ ਆਗੂ

image

 


ਬੀ.ਕੇ.ਯੂ. ਉਗਰਾਹਾਂ, ਡਕੌਂਦਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਨੂੰ  ਦਿਤੀ ਅੰਦੋਲਨ ਦੀ ਚੇਤਾਵਨੀ

ਚੰਡੀਗੜ੍ਹ, 25 ਅਪ੍ਰੈਲ (ਗੁਰਉਪਦੇਸ਼ ਭੁੱਲਰ): ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵਲੋਂ ਇਕ ਪ੍ਰੈਸ ਬਿਆਨ ਰਾਹੀਂ ਭਾਜਪਾ ਮੋਦੀ ਸਰਕਾਰ ਦੁਆਰਾ ਡੀਏਪੀ ਦੇ ਰੇਟਾਂ ਵਿਚ ਕੀਤਾ ਗਿਆ 12.5 ਫ਼ੀ ਸਦੀ ਵਾਧਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਹੈ ਕਿ ਇਕੱਲੀ ਡੀਏਪੀ ਦੀ ਸਲਾਨਾ ਖਪਤ 8 ਲੱਖ ਟਨ ਦੇ ਹਿਸਾਬ ਨਾਲ ਹਰ ਸਾਲ 240 ਕਰੋੜ ਰੁਪਏ ਦਾ ਵਾਧੂ ਬੋਝ ਪੰਜਾਬ ਦੇ ਕਿਸਾਨਾਂ ਉਤੇੇ ਲੱਦਿਆ ਜਾਣਾ ਹੈ | ਪਹਿਲਾਂ ਹੀ ਕਰਜ਼ਿਆਂ ਦੇ ਭਾਰੀ ਬੋਝ ਥੱਲੇ ਪਿਸ ਪਿਸ ਕੇ ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਉਤੇ ਅਜਿਹਾ ਬੋਝ ਹੋਰ ਵਧੇਰੇ ਜਾਨਲੇਵਾ ਸਾਬਤ ਹੋਵੇਗਾ |
ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਵਲੋਂ ਲਗਾਤਾਰ ਕਿਸਾਨ ਮਾਰੂ ਫ਼ੈਸਲੇ ਕੀਤੇ ਜਾ ਰਹੇ ਹਨ | ਇਸ ਤੋਂ ਪਹਿਲਾਂ ਮੌਸਮੀ ਕਰੋਪੀ ਕਾਰਨ ਕਣਕ ਦੇ ਦਾਣੇ ਪਿਚਕ ਕੇ ਕਈ ਇਲਾਕਿਆਂ ਵਿਚ 30% ਤਕ ਝਾੜ ਘਟਣ ਬਦਲੇ ਅੰਨਦਾਤੇ ਦਾ ਭਾਰ ਵੰਡਾਉਣ ਲਈ ਬੋਨਸ ਤਾਂ ਕੀ ਦੇਣਾ ਸੀ ਉਲਟਾ ਐਫ਼ ਸੀ ਆਈ ਵਲੋਂ ਕਣਕ ਦੀ ਖ਼ਰੀਦ ਹੀ ਠੱਪ ਕਰਨ ਦੀ ਸਜ਼ਾ ਦੇ ਦਿਤੀ ਗਈ ਹੈ | ਐਮ ਐਸ ਪੀ ਦੀ ਕਾਨੂੰਨੀ ਗਰੰਟੀ ਵਾਲੀ ਮੰਗ ਬਾਰੇ ਲਿਖਤੀ ਫ਼ੈਸਲੇ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੀ ਸਹਿਮਤੀ ਵਾਲੀਆਂ ਸ਼ਰਤਾਂ ਅਤੇ ਕਿਸਾਨਾਂ ਦੀ ਢੁਕਵੀਂ ਨੁਮਾਇੰਦਗੀ ਵਾਲੀ ਉੱਚ ਪਧਰੀ ਕਮੇਟੀ ਦੇ ਗਠਨ ਬਾਰੇ ਵੀ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ |
ਕਿਸਾਨ ਆਗੂਆਂ ਨੇ ਚਿਤਾਵਨੀ ਦਿਤੀ ਹੈ ਕਿ ਡੀਏਪੀ ਦੇ ਰੇਟਾਂ ਵਿਚ ਕੀਤਾ ਗਿਆ ਇਹ ਵਾਧਾ ਰੱਦ ਨਾ ਕਰਨ ਦੀ ਸੂਰਤ ਵਿਚ ਇਸ ਕਿਸਾਨ ਮਾਰੂ ਫ਼ੈਸਲੇ ਵਿਰੁਧ ਤਿੱਖਾ ਅੰਦੋਲਨ ਵਿੱਢਿਆ ਜਾਵੇਗਾ | ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਸਤਨਾਮ ਸਿੰਘ ਪੰਨੂ ਤੇ ਸਰਵਣ ਸਿੰਘ ਪੰਧੇਰ ਨੇ ਵੀ ਡੀ.ਏ.ਪੀ. ਦੇ ਰੇਟਾਂ ਵਿਚ ਵਾਧੇ ਦਾ ਵਿਰੋਧ ਕਰਦਿਆਂ ਅੰਦੋਲਨ ਦੀ ਕੇਂਦਰ ਸਰਕਾਰ ਨੂੰ  ਚੇਤਾਵਨੀ ਦਿਤੀ ਹੈ |