ਪਾਕਿਸਤਾਨ ’ਚ ਚੋਣ ਕਮਿਸ਼ਨ ਦੇ ਦਫ਼ਤਰਾਂ ਦੇ ਬਾਹਰ ਪੀਟੀਆਈ ਵਲੋਂ ਵਿਰੋਧ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ’ਚ ਚੋਣ ਕਮਿਸ਼ਨ ਦੇ ਦਫ਼ਤਰਾਂ ਦੇ ਬਾਹਰ ਪੀਟੀਆਈ ਵਲੋਂ ਵਿਰੋਧ ਪ੍ਰਦਰਸ਼ਨ

image

ਇਸਲਾਮਾਬਾਦ, 26 ਅਪ੍ਰੈਲ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਜ਼ਾ ਦੇ ਪੱਖਪਾਤੀ ਰਵੱਈਏ ਵਿਰੁਧ ਦੇਸ਼ ਭਰ ਵਿਚ ਆਪਣੇ ਜ਼ਿਲ੍ਹਾ ਦਫ਼ਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਅਨੁਸਾਰ ਪੀਟੀਆਈ ਨੇਤਾਵਾਂ ਅਤੇ ਕਾਰਕੁਨਾਂ ਨੇ ਕਰਾਚੀ, ਲਾਹੌਰ, ਇਸਲਾਮਾਬਾਦ, ਪੇਸ਼ਾਵਰ, ਗੁਜਰਾਤ ਅਤੇ ਫ਼ੈਸਲਾਬਾਦ ਵਰਗੇ ਸਾਰੇ ਵੱਡੇ ਸ਼ਹਿਰਾਂ ਵਿਚ ਚੋਣ ਕਮਿਸ਼ਨ ਦੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਪੀਟੀਆਈ ਵਰਕਰਾਂ ਨੇ ਮੌਜੂਦਾ ਗਠਜੋੜ ਸਰਕਾਰ ਵਿਰੁਧ ਕਰਾਚੀ ਸ਼ਹਿਰ ਵਿਚ ਮੋਟਰਸਾਈਕਲ ਰੈਲੀ ਕੱਢੀ।
ਰਿਪੋਰਟ ਮੁਤਾਬਕ ਪਿਸ਼ਾਵਰ ਵਿਚ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੀਟੀਆਈ ਵਰਕਰਾਂ ਨੇ ਇਮਾਰਤ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉੱਥੇ ਤਾਇਨਾਤ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿਤਾ। ਪੀਟੀਆਈ ਆਗੂਆਂ ਦਾ ਕਹਿਣਾ ਹੈ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਛੱਡ ਕੇ ਸਿਰਫ਼ ਪੀਟੀਆਈ ਦੇ ਫੰਡਾਂ ਦੀ ਹੀ ਜਾਂਚ ਕਿਉਂ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਆਪਣੇ ਦਫ਼ਤਰਾਂ ਦੀ ਸੁਰੱਖਿਆ ਲਈ ਹਦਾਇਤਾਂ ਦਿਤੀਆਂ ਹਨ। 
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਰੈੱਡ ਜ਼ੋਨ ’ਚ ਮਨਾਹੀ ਦੇ ਹੁਕਮ ਲਾਗੂ ਕਰਨ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨੂੰ ਉਥੇ ਪ੍ਰਦਰਸ਼ਨ ਨਾ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਮੁੱਖ ਚੋਣ ਕਮਿਸ਼ਨ ਦੇ ਦਫ਼ਤਰ ਦੀ ਸੁਰੱਖਿਆ ਲਈ 750 ਜਵਾਨ ਤਾਇਨਾਤ ਕੀਤੇ ਗਏ ਹਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਇਸਲਾਮਾਬਾਦ ਹਾਈ ਕੋਰਟ ਨੇ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਪੀਟੀਆਈ ਵਿਦੇਸ਼ੀ ਫੰਡਿੰਗ ਮਾਮਲੇ ਵਿਚ ਚੋਣ ਕਮਿਸ਼ਨ ਨੂੰ 30 ਦਿਨਾਂ ਦੇ ਅੰਦਰ ਦੋਸ਼ ਆਇਦ ਕਰਨ ਦਾ ਨਿਰਦੇਸ਼ ਦਿਤਾ ਹੈ।     (ਏਜੰਸੀ)