ਧਾਰਾ 370 ਖ਼ਤਮ ਕੀਤੇ ਜਾਣ ਵਿਰੁਧ ਅਰਜ਼ੀਆਂ 'ਤੇ ਛੁੱਟੀਆਂ ਤੋਂ ਬਾਅਦ ਸੁਣਵਾਈ ਕਰੇਗੀ ਸੁਪਰੀਮ ਕੋਰਟ
ਧਾਰਾ 370 ਖ਼ਤਮ ਕੀਤੇ ਜਾਣ ਵਿਰੁਧ ਅਰਜ਼ੀਆਂ 'ਤੇ ਛੁੱਟੀਆਂ ਤੋਂ ਬਾਅਦ ਸੁਣਵਾਈ ਕਰੇਗੀ ਸੁਪਰੀਮ ਕੋਰਟ
ਨਵੀਂ ਦਿੱਲੀ, 25 ਅਪ੍ਰੈਲ : ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਕੇ ਉਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣ ਦੇ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸੁਣਵਾਈ ਕਰਨ 'ਤੇ ਸਹਿਮਤੀ ਹਤਾਉਂਦਿਆਂ ਸੋਮਵਾਰ ਨੂੰ ਕਿਹਾ ਕਿ ਉਹ ਪਟੀਸ਼ਨਾਂ ਨੂੰ ਜੁਲਾਈ 'ਚ ਸੂਚੀਬੱਧ ਕਰਨ ਦੀ ਕੋਸ਼ਿਸ਼ ਕਰੇਗਾ | ਚੀਫ਼ ਜਸਟਿਸ ਐਨ.ਵੀ. ਰਮੰਨਾ ਅਤੇ ਹਿਮਾ ਕੋਹਲੀ ਨੇ ਅਰਜ਼ੀਦਾਤਾਵਾਂ ਵਲੋਂ ਪੇਸ਼ ਸੀਨੀਅਰ ਆਗੂ ਸ਼ੇਖਰ ਦੇਸ਼ਪਾਂਡੇ ਦੀ ਦਲੀਲ 'ਤੇ ਗੌਰ ਕੀਤਾ ਅਤੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਹੱਦਬੰਦੀ ਦੀ ਪ੍ਰਕ੍ਰਿਆ ਸ਼ੁਰੂ ਕੀਤੇ ਜਾਣ ਦੇ ਮੱਦੇਨਜ਼ਰ ਅਰਜ਼ੀਆਂ 'ਤੇ ਤੁਰਤ ਸੁਣਵਾਈ ਦੀ ਜ਼ਰੂਰਤ ਹੈ | ਸੀਨੀਅਰ ਵਕੀਲ ਨੇ ਕਿਹਾ ਕਿ ਇਹ ਧਾਰਾ 370 ਨਾਲ ਸਬੰਧਤ ਮਾਮਲਾ ਹੈ | ਹੱਦਬੰਦੀ ਵੀ ਚੱਲ ਰਹੀ ਹੈ |
ਜਸਟਿਸ ਐਨ.ਵੀ. ਰਮੰਨਾ ਪ੍ਰਧਾਨਗੀ ਵਾਲੀ ਬੈਂਚ ਨੇ ਸੀਨੀਅਰ ਵਕੀਲ ਸ਼ੇਖਰ ਨਫੜੇ ਅਤੇ ਪੀ. ਚਿਦਾਂਬਰਮ ਦੀ ਗੁਹਾਰ 'ਤੇ ਕਿਹਾ ਕਿ ਪਟੀਸ਼ਨਾਂ 'ਤੇ 5 ਜੱਜਾਂ ਦੀ ਬੈਂਚ ਸੁਣਵਾਈ ਕਰੇਗੀ |
ਸੀਨੀਅਰ ਐਡਵੋਕੇਟ ਸਰਵਸ਼੍ਰੀ ਨਫੜੇ ਅਤੇ ਚਿਦਾਂਬਰਮ ਨੇ ਵਿਸ਼ੇਸ਼ ਜ਼ਿਕਰ ਦੌਰਾਨ ਪਟੀਸ਼ਨਾਂ 'ਤੇ ਅਗਲੇ ਹਫ਼ਤੇ ਸੁਣਵਾਈ ਦੀ ਗੁਹਾਰ ਲਗਾਈ ਸੀ | ਇਸ 'ਤੇ ਚੀਫ਼ ਜਸਟਿਸ ਨੇ ਕਿਹਾ ਕਿ ਜੁਲਾਈ 'ਚ ਪਟੀਸ਼ਨਾਂ ਨੂੰ ਸੁਣਵਾਈ ਲਈ ਸੂਚੀਬੱਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ | ਜੱਜ ਰਮੰਨਾ ਨੇ ਅਗਲੇ ਹਫ਼ਤੇ ਸੁਣਵਾਈ ਦੀ ਗੁਹਾਰ 'ਤੇ ਕਿਹਾ ਕਿ ਪਟੀਸ਼ਨਾਂ ਨੂੰ 5 ਜੱਜਾਂ ਦੀ ਬੈਂਚ ਦੇ ਸਾਹਮਣੇ ਸੂਚੀਬੱਧ ਕੀਤਾ ਜਾਣਾ ਹੈ, ਕਿਉਂਕਿ ਇਨ੍ਹਾਂ 'ਤੇ ਸੁਣਵਾਈ ਵਾਲੀ ਮੂਲ ਬੈਂਚ ਦੇ ਕੁਝ ਜੱਜ ਸੇਵਾਮੁਕਤ ਹੋ ਚੁਕੇ ਹਨ, ਲਿਹਾਜ਼ਾ ਉਸ ਨੂੰ ਮੁੜ ਗਠਤ ਕਰਨਾ ਹੋਵੇਗਾ | (ਪੀਟੀਆਈ)