ਚੋਣਾਂ ਤੋਂ ਪਹਿਲਾਂ ਵਾਲੀ ਕ੍ਰਾਂਤੀ ਭਗਵੰਤ ਮਾਨ ਵਿਚ ਹੁਣ ਨਜ਼ਰ ਨਹੀਂ ਆ ਰਹੀ - ਪ੍ਰਤਾਪ ਬਾਜਵਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਦੋਂ ਤੋਂ ਉਹ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹੀ ਉਹ ਦਬੇ-ਦਬੇ ਰਹਿੰਦੇ ਹਨ

Pratap Bajwa, Bhagwant Mann

 

ਲੁਧਿਆਣਾ - ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਦਰਅਸਲ ਪ੍ਰਤਾਪ ਬਾਜਵਾ ਮੰਗਲਵਾਰ ਦੁਪਹਿਰ ਕਰੀਬ 12:45 ਵਜੇ ਲੁਧਿਆਣਾ ਦੇ ਸਰਾਭਾ ਨਗਰ ਸਥਿਤ ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਘਰ ਪਹੁੰਚੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਕ੍ਰਾਂਤੀ ਭਗਵੰਤ ਮਾਨ ਵਿਚ ਦੇਖਣ ਨੂੰ ਮਿਲੀ ਸੀ, ਉਹ ਹੁਣ ਨਜ਼ਰ ਨਹੀਂ ਆ ਰਹੀ। ਜਦੋਂ ਤੋਂ ਉਹ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹੀ ਉਹ ਦਬੇ-ਦਬੇ ਰਹਿੰਦੇ ਹਨ। 

ਉਹ ਇਨਕਲਾਬ ਦੀਆਂ ਗੱਲਾਂ ਨੂੰ ਭੁੱਲ ਗਏ ਹਨ। ਭਗਵੰਤ ਮਾਨ ਪੰਜਾਬ ਵਿਚ ਸਿਰਫ਼ ਇਕ ਨਾਮ ਹੈ। ਸਹੀ ਅਰਥਾਂ ਵਿੱਚ ਪੰਜਾਬ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਚਲਾਇਆ ਜਾ ਰਿਹਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਮਤ ਨਾਲ ਆਈ ਹੈ। ਜੋ ਫੈਸਲੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਲੈਣੇ ਚਾਹੀਦੇ ਹਨ, ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਏ ਜਾ ਰਹੇ ਹਨ, ਜਦੋਂ ਕਿ ਦਿੱਲੀ ਵਿਚ ਸਿਰਫ ਐਮ.ਸੀ.ਐਲ. ਹੀ ਉਹਨਾਂ ਦੇ ਅਦੀਨ ਹੈ।

ਉਨ੍ਹਾਂ ਮਜ਼ਾਕ ਵਿਚ ਕਿਹਾ ਕਿ ਦਿੱਲੀ ਨਗਰ ਨਿਗਮ ਦਾ ਸੀਐਮ ਹੁਣ ਪੰਜਾਬ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦਾ ਸਦਨ ਬੁਲਾਏ ਬਿਨਾਂ ਹੀ ਵੱਖ-ਵੱਖ ਵਿਭਾਗਾਂ ਦੇ 18 ਸਮਝੌਤੇ ਕੀਤੇ ਹਨ, ਜਿਸ ਦਾ ਕਾਂਗਰਸ ਵਿਰੋਧ ਕਰਦੀ ਹੈ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਠੇਕੇ 'ਤੇ ਦੇਣ ਦੀ ਤਿਆਰੀ ਕਰ ਰਹੇ ਹਨ। ਜੋ ਫੈਸਲੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੈਣੇ ਚਾਹੀਦੇ ਹਨ, ਉਹ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਚਲਾਏ ਜਾ ਰਹੇ ਹਨ। 

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਰਐਸਐਸ ਦੀ ਬੀ ਟੀਮ ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਅੰਨਾ ਹਜ਼ਾਰੇ ਦੇ ਅੰਦੋਲਨ ਵਿਚੋਂ ਪੈਦਾ ਹੋਈ ਅਤੇ ਤੁਸੀਂ ਦੇਖ ਸਕਦੇ ਹੋ। ਅੱਜ ਅੰਨਾ ਹਜ਼ਾਰੇ ਅੰਦੋਲਨ ਦੇ ਲੋਕ, ਚਾਹੇ ਬਾਬਾ ਰਾਮਦੇਵ, ਕਿਰਨ ਬੇਦੀ ਜਾਂ ਕੁਮਾਰ ਵਿਸ਼ਵਾਸ, ਉਹ ਸਾਰੇ ਆਰ.ਐਸ.ਐਸ. ਅਤੇ ਭਾਜਪਾ ਵਿਚ ਹਨ।

ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਜਥੇਬੰਦੀ ਤੋਂ ਦੂਰ ਕਿਉਂ ਜਾ ਰਹੇ ਹਨ, ਦੇ ਸਵਾਲ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਮੈਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਆਇਆ ਹਾਂ। ਪਾਰਟੀ ਵਿਚ ਕੀ ਹੁੰਦਾ ਹੈ ਇਹ ਬਾਅਦ ਦੀ ਗੱਲ ਹੈ। ਪ੍ਰੈਸ ਕਾਨਫਰੰਸ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਕੁਲਦੀਪ ਵੈਦ, ਸੰਜੇ ਤਲਵਾੜ, ਵਿਕਰਮ ਬਾਜਵਾ, ਈਸ਼ਵਰਜੋਤ ਸਿੰਘ ਚੀਮਾ ਹਾਜ਼ਰ ਸਨ।