ਬਿਜਲੀ ਸੰਕਟ ਨੂੰ ਲੈ ਕੇ ਸਿੱਧੂ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਨੇ ਥਰਮਲ ਪਲਾਂਟ ਸਾਹਮਣੇ ਲਾਇਆ ਧਰਨਾ
ਬਿਜਲੀ ਸੰਕਟ ਨੂੰ ਲੈ ਕੇ ਸਿੱਧੂ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਨੇ ਥਰਮਲ ਪਲਾਂਟ ਸਾਹਮਣੇ ਲਾਇਆ ਧਰਨਾ
ਭਗਵੰਤ ਮਾਨ ਅਨਾੜੀ ਸੀ.ਐਮ.,ਦਿੱਲੀ ਵਿਚ ਟਰੇਨਿੰਗ ਲੈਂਦਾ ਫਿਰਦੈ : ਨਵਜੋਤ ਸਿੱਧੂ
ਰਾਜਪੁਰਾ, 25 ਅਪ੍ਰੈਲ (ਦਇਆ ਸਿੰਘ ਬਲੱਗਣ) : ਪੰਜਾਬ 'ਚ ਵਧੀ ਗਰਮੀ ਕਾਰਨ ਆਏ ਬਿਜਲੀ ਸੰਕਟ ਅਤੇ ਆਮ ਆਦਮੀ ਦੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਹਟਣ ਕਾਰਨ ਅੱਜ ਨਾਭਾ ਥਰਮਲ ਪਲਾਂਟ ਸਾਹਮਣੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਤੇ ਰਾਜਪੁਰਾ ਹਲਕਾ ਦੇ ਇੰਚਾਰਜ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਹਜ਼ਾਰਾਂ ਲੋਕਾਂ ਨੇ ਧਰਨਾ ਠੋਕ ਕੇ ਆਪ ਦੀ ਸਰਕਾਰ ਦਾ ਜਨਾਜ਼ਾ ਕਢਿਆ |
ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਜਮ ਕੇ ਰਗੜੇ ਲਗਾਉਂਦਿਆਂ ਆਖਿਆ ਕਿ ਇਸ ਸਮੇਂ ਭਗਵੰਤ ਮਾਨ ਅਨਾੜੀ ਸੀ.ਐਮ. ਸਾਬਤ ਹੋ ਰਿਹਾ ਹੈ, ਜਿਹੜਾ ਦਿੱਲੀ ਵਿਖੇ ਟਰੇਨਿੰਗ ਲੈ ਰਿਹਾ ਹੈ | ਸਿੱਧੂ ਨੇ ਆਖਿਆ ਕਿ ਅੱਜ ਪੰਜਾਬ ਅੰਦਰ ਲੰਮੇ-ਲੰਮੇ ਬਿਜਲੀ ਕੱਟ ਲਗ ਰਹੇ ਹਨ ਤੇ ਬਹੁਤੇ ਪਿੰਡਾਂ ਵਿਚ ਤਾਂ ਕੱਟ 20-20 ਘੰਟੇ ਵੀ ਲੱਗ ਰਹੇ ਹਨ, ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਪ ਦੀ ਸਰਕਾਰ ਝੂਠੇ ਵਾਅਦਿਆਂ ਦੀ ਸਰਕਾਰ ਹੈ, ਜਿਹੜੇ ਪਹਿਲੇ ਮਹੀਨੇ ਹੀ ਸੱਭ ਕੁੱਝ ਮੁਕਰ ਗਈ ਹੈ |
ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅੱਜ 7 ਹਜ਼ਾਰ ਮੈਗਾਵਾਟ ਦੀ ਲੋੜ ਹੈ ਤੇ ਪੈਡੀ ਸੀਜ਼ਨ ਮੌਕੇ 16 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਪਵੇਗੀ, ਜਿਹੜੀ ਸਰਕਾਰ ਲੋਕਾਂ ਨੂੰ ਅੱਜ ਵੱਡੇ ਕੱਟ ਲਗਾ ਰਹੀ ਹੈ, ਉਹ ਪੈਡੀ ਸੀਜ਼ਨ ਵੇਲੇ ਤਾਂ ਲੋਕਾਂ ਦੀ ਬਿਜਲੀ ਹੀ ਬੰਦ ਕਰ ਦੇਵੇਗੀ | ਉਨ੍ਹਾਂ ਆਖਿਆ ਕਿ ਪਹਿਲੇ 40 ਦਿਨਾਂ ਵਿਚ ਸੱਭ ਵਾਅਦੇ ਹਵਾ ਹਵਾਈ ਹੋ ਚੁੱਕੇ ਹਨ |
ਨਵਜੋਤ ਸਿੱਧੂ ਨੇ ਆਖਿਆ ਕਿ ਕੇਜਰੀਵਾਲ ਤੇ ਭਗਵੰਤ ਨੇ ਵਾਅਦਾ ਕੀਤਾ ਸੀ ਕਿ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪੀਪੀਏ ਸਮਝੌਤੇ ਸਰਕਾਰ ਬਣਦੇ ਹੀ ਰੱਦ ਕਰ ਦਿਤੇ ਜਾਣਗੇ ਪਰ ਅੱਜ ਤਕ ਇਹ ਕੈਂਸਲ ਨਹੀਂ ਹੋ ਸਕੇ | ਊਨ੍ਹਾਂ ਆਖਿਆ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਝੂਠ ਦੀ ਪੀਐਚਡੀ ਕੀਤੀ ਹੋਈ ਹੈ | ਇਹ ਹਰ ਵਾਅਦੇ ਤੋਂ ਮੁਕਰ ਰਹੇ ਹਨ | ਉਨ੍ਹਾਂ ਆਖਿਆ ਕਿ 600 ਯੂਨਿਟ ਮੁਆਫ਼ੀ ਦਾ ਵਾਅਦਾ ਹਰ ਘਰ ਨੂੰ ਕੀਤਾ ਸੀ ਪਰ ਅੱਜ ਦੱਸੇ ਮੁਫ਼ਤ ਬਿਜਲੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਾਰਾ ਪੰਜਾਬ ਵੰਡ ਦਿਤਾ ਹੈ | ਉਨ੍ਹਾਂ ਆਖਿਆ ਕਿ ਹੁਣ ਕਾਂਗਰਸ ਦਾ ਵਰਕਰ ਘਰ ਤੋਂ ਨਿਕਲ ਚੁਕਿਆ ਹੈ ਤੇ ਲੋਕਾਂ ਦੇ ਮੁੱਦੇ ਸਰਕਾਰ ਨੂੰ ਚੰਗੀ ਤਰ੍ਹਾਂ ਯਾਦ ਕਰਵਾਏ ਜਾਣਗੇ |
ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅੱਜ ਗੋਬਿੰਦਵਾਲ ਥਰਮਲ ਪਲਾਂਟ ਕੋਲ 2 ਦਿਨ ਦਾ ਕੋਲਾ ਬਚਿਆ ਹੈ ਬਾਕਿਆਂ ਕੋਲ 5-5 ਦਿਨ ਦਾ ਕੋਲਾ ਬਚਿਆ ਹੈ | ਪੰਜਾਬ ਹਨ੍ਹੇਰੇ ਦੇ ਸੰਕਟ ਵੱਲ ਵੱਧ ਰਿਹਾ ਹੈ ਪਰ ਆਪ ਸਰਕਾਰ ਬਿਜਲੀ ਦੇ ਲੰਬੇ ਕੱਟ ਲਗਾ ਕੇ ਸੁੱਤੀ ਪਈ ਹੈ | ਨਵਜੋਤ ਸਿੱਧੂ ਨੇ ਆਖਿਆ ਕਿ ਪੰਜਾਬ ਦੀ ਪੱਗ ਦੀ ਲੜਾਈ ਕਾਂਗਰਸ ਡਟ ਕੇ ਲੜੇਗੀ |
ਇਸ ਮੌਕੇ ਅਸ਼ਵਨੀ ਸੇਖੜੀ ਸਾਬਕਾ ਮੰਤਰੀ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਨਾਜਰ ਸਿੰਘ ਮਾਨਸ਼ਾਹੀਆ, ਸੁਖਵਿੰਦਰ ਸਿੰਘ ਕਾਕਾ ਕੰਬੋਜ, ਕਰਨਵੀਰ ਸਿੰਘ ਢਿੱਲੋਂ, ਨਰਿੰਦਰ ਪਾਲ ਲਾਲੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਾਂਗਰਸ ਪਟਿਆਲਾ, ਮਦਨ ਮੋਹਨ ਸਿੰਘ, ਮੁੂਸਾ, ਹਰਵਿੰਦਰ ਸਿੰਘ ਲਾਡੀ ਹਲਕਾ ਬਠਿੰਡਾ, ਜਗਦੇਵ ਸਿੰਘ ਸਾਬਕਾ ਵਿਧਾਇਕ, ਵਿਸ਼ਨੂੰ ਸ਼ਰਮਾ ਪਟਿਆਲਾ, ਜੱਗਾ ਮਜੀਠੀਆ, ਨਵਜੇਤ ਚੀਮਾ ਸੁਲਤਾਨਪੁਰ ਲੋਧੀ ਅਤੇ ਪੰਜਾਬ ਦੀ ਉੱਚ ਪੱਧਰੀ ਕਾਂਗਰਸ ਲੀਡਰਸ਼ਿਪ ਪਹੁੰਚੀ ਹੋਈ ਸੀ |