ਡੇਰਾਬੱਸੀ : ਗੁਰਦਾ ਟਰਾਂਸਪਲਾਂਟ ਮਾਮਲਾ, Indus ਹਸਪਤਾਲ ਦਾ ਕਲੀਨਿਕਲ ਡਾਇਰੈਕਟਰ ਸੁਰਿੰਦਰ ਸਿੰਘ ਬੇਦੀ ਨੂੰ ਕੀਤਾ ਗਿਆ ਨਾਮਜ਼ਦ

ਏਜੰਸੀ

ਖ਼ਬਰਾਂ, ਪੰਜਾਬ

ਸਿਟ ਦੀ ਸਿਫਾਰਸ਼ ਤੋਂ ਬਾਅਦ ਕੀਤੀ ਗਈ ਕਾਰਵਾਈ

PHOTO

 


ਡੇਰਾਬੱਸੀ :  ਇੰਡਸ ਇੰਟਰਨੈਸ਼ਨਲ ਹਸਪਤਾਲ 'ਚ ਕਿਡਨੀ ਟਰਾਂਸਪਲਾਂਟ ਦੇ ਮਾਮਲੇ 'ਚ ਬਣਾਈ ਗਈ SIT ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। ਹਸਪਤਾਲ ਦੇ ਕਲੀਨਿਕਲ ਡਾਇਰੈਕਟਰ ਡਾਕਟਰ ਐਸਐਸ ਬੇਦੀ ਨੂੰ ਐਸਆਈਟੀ ਦੀ ਸਿਫ਼ਾਰਸ਼ 'ਤੇ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮ ਡਾਕਟਰ ਐਸਐਸ ਬੇਦੀ ਕਿਡਨੀ ਟਰਾਂਸਪਲਾਂਟ ਹਸਪਤਾਲ ਦੀ ਪ੍ਰਵਾਨਗੀ ਕਮੇਟੀ ਦਾ ਅਹਿਮ ਮੈਂਬਰ ਸੀ। ਸੋਮਵਾਰ ਰਾਤ ਡਾਕਟਰ ਬੇਦੀ ਦਾ ਨਾਮ ਲੈਣ ਤੋਂ ਬਾਅਦ ਪੁਲਿਸ ਨੇ ਮੰਗਲਵਾਰ ਨੂੰ ਉਨ੍ਹਾਂ ਦੇ ਘਰ ਛਾਪਾ ਮਾਰਿਆ। ਪਰ ਸਿਰਫ਼ ਉਸ ਦੇ ਪਿਤਾ ਨੂੰ ਮੁਹਾਲੀ ਸਥਿਤ ਉਸ ਦੇ ਘਰ ਮਿਲਿਆ ਜਦੋਂ ਕਿ ਡਾਕਟਰ ਬੇਦੀ ਪਹਿਲਾਂ ਹੀ ਫਰਾਰ ਹੋ ਚੁੱਕੇ ਸਨ।

ਇਸ ਸਬੰਧੀ ਐਸਆਈਟੀ ਮੈਂਬਰ ਏ.ਐਸ.ਪੀ ਡਾ.ਦਰਪਨ ਕੌਰ ਆਹਲੂਵਾਲੀਆ ਨੇ ਦੱਸਿਆ ਕਿ ਜਾਂਚ ਵਿੱਚ ਗੈਰ-ਕਾਨੂੰਨੀ ਕਿਡਨੀ ਟਰਾਂਸਪਲਾਂਟ ਵਿੱਚ ਬੇਦੀ ਦੀ ਭੂਮਿਕਾ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਡਾਕਟਰ ਬੇਦੀ ਹਸਪਤਾਲ ਤੋਂ ਪੂਰੀ ਮਨਜ਼ੂਰੀ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇੱਕ ਕਿਡਨੀ ਲਈ ਲੋੜਵੰਦ ਮਰੀਜ਼ ਤੋਂ ਕਰੀਬ 25 ਲੱਖ ਰੁਪਏ ਵਸੂਲੇ ਜਾਂਦੇ ਸਨ, ਜਿਸ ਵਿੱਚੋਂ ਡਾ: ਬੇਦੀ ਵੱਡਾ ਹਿੱਸਾ ਆਪ ਲੈਂਦੇ ਸਨ। ਅਭਿਸ਼ੇਕ ਦੇ ਬਿਆਨ 'ਚ ਹਸਪਤਾਲ ਦੇ ਡਾਕਟਰ ਬੇਦੀ ਦਾ ਨਾਂ ਆਇਆ ਸੀ। ਇਸ ਦੇ ਆਧਾਰ 'ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ, ਜਿਸ 'ਚ ਉਸ ਦੀ ਅਹਿਮ ਭੂਮਿਕਾ ਪਾਏ ਜਾਣ 'ਤੇ ਉਸ ਨੂੰ ਨਾਮਜ਼ਦ ਕੀਤਾ ਗਿਆ ਹੈ |

ਦੱਸ ਦੇਈਏ ਕਿ ਹਸਪਤਾਲ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ 35 ਕਿਡਨੀ ਟਰਾਂਸਪਲਾਂਟ ਕੀਤੇ ਗਏ ਹਨ, ਜਿਸ ਵਿੱਚ ਹੁਣ ਤੱਕ 19 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਗੁਰਦਾ ਟਰਾਂਸਪਲਾਂਟ ਦੇ ਸੱਤ ਮਾਮਲੇ ਸਾਹਮਣੇ ਆਏ ਹਨ। ਜਦਕਿ 16 ਮਰੀਜ਼ਾਂ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਹੋਣੀ ਬਾਕੀ ਹੈ।