ਬੇਅਦਬੀ ਕਾਂਡ ਦੇ ਮੁਲਜ਼ਮ ਨੇ ਗਲਾ ਵੱਢ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ   

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 4 ਦਿਨ ਯਾਨੀ 28 ਅਪਰੈਲ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

File Photo

ਫਰੀਦਕੋਟ - ਪੰਜਾਬ ਦੇ ਫਰੀਦਕੋਟ ਦੇ ਗੋਲੇਵਾਲਾ 'ਚ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ 'ਚ ਫੜੇ ਗਏ ਦੋਸ਼ੀ ਵਿੱਕੀ ਮਸੀਹ ਨੇ ਪੁਲਿਸ ਹਿਰਾਸਤ 'ਚ ਗਲਾ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮਾਂ ਰਹਿੰਦੇ ਪੁਲਿਸ ਮੁਲਾਜ਼ਮਾਂ ਨੇ ਗੰਭੀਰ ਜ਼ਖ਼ਮੀ ਹੋਏ ਮੁਲਜ਼ਮ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਘਟਨਾ ਦੀ ਪੁਸ਼ਟੀ ਥਾਣਾ ਸਦਰ ਫਰੀਦਕੋਟ ਦੇ ਇੰਚਾਰਜ ਗੁਰਜਿੰਦਰ ਸਿੰਘ ਨੇ ਕੀਤੀ ਹੈ। 

23 ਅਪਰੈਲ ਨੂੰ ਗੋਲੇਵਾਲਾ ਵਿਚ ਇੱਕ ਕਾਰ ਵਿਚ ਸਵਾਰ ਦੋ ਵਿਅਕਤੀਆਂ ਵੱਲੋਂ ਸ੍ਰੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਲੋਕਾਂ ਵਿਚ ਰੋਸ ਵੱਧ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਿਲੀ ਵੱਡੀ ਲੀਡ ਤਹਿਤ ਕਾਰ ਨੰਬਰ ਦੀ ਮਦਦ ਨਾਲ ਮੁਲਜ਼ਮ ਵਿੱਕੀ ਮਸੀਹ ਅਤੇ ਰੂਪ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ। 

ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 4 ਦਿਨ ਯਾਨੀ 28 ਅਪਰੈਲ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਰਿਮਾਂਡ ਦੌਰਾਨ ਵਿੱਕੀ ਮਸੀਹ ਨੇ ਬਲੇਡ ਨਾਲ ਗਲਾ ਵੱਢ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਬਲੇਡ ਉਸ ਨੂੰ ਸਟਾਫ ਦੇ ਬਾਥਰੂਮ ਵਿਚੋਂ ਮਿਲਿਆ ਸੀ। ਇਹ ਸਟਾਫ਼ ਉਸ ਸਮੇਂ ਬਾਥਰੂਮ ਵਿਚ ਪਹੁੰਚਿਆ ਸੀ ਜਦੋਂ ਕੈਦੀਆਂ ਦੇ ਬਾਥਰੂਮਾਂ ਵਿੱਚ ਪਾਣੀ ਨਹੀਂ ਸੀ। ਉਸ ਨੇ ਬਲੇਡ ਨੂੰ ਬਾਥਰੂਮ ਤੋਂ ਛੁਪਾ ਕੇ ਲਾਕਅੱਪ ਵਿਚ ਲੈ ਆਂਦਾ।

ਉਥੇ ਹੀ ਉਸ ਨੇ ਗਲਾ ਵੱਢ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਫਰੀਦਕੋਟ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਵਿੱਕੀ ਮਸੀਹ ਨੂੰ ਜ਼ਖਮੀ ਹਾਲਤ 'ਚ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਇੱਕ ਹੋਰ ਕੇਸ ਵੀ ਦਰਜ ਕਰ ਲਿਆ ਹੈ।

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਗੋਲੇਵਾਲਾ ਕਸਬੇ ਵਿਚ ਵਾਪਰੀ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦਾ 12 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਖੁਲਾਸਾ ਕੀਤਾ ਹੈ। ਘਟਨਾ ਦੀ ਜਾਂਚ ਕਰ ਰਹੀ ਸੀਆਈਏ ਟੀਮ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਿਲੀ ਲੀਡ ਦੀ ਮਦਦ ਨਾਲ ਅੱਗੇ ਵਧਦਿਆਂ ਕਾਰ ਨੰਬਰ ਤੋਂ ਮੁਲਜ਼ਮਾਂ ਤੱਕ ਪਹੁੰਚਣ ਵਿਚ ਸਫ਼ਲ ਹੋ ਗਈ।