MP ਅੰਮ੍ਰਿਤਪਾਲ ਦੀ ਆਡੀਓ ਹੋਈ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਪ੍ਰੀਤ ਸਿੰਘ ਨਾਂ ਦੇ ਵਿਅਕਤੀ ਨਾਲ ਪੈਸਿਆਂ ਦੇ ਲੈਣ-ਦੇਣ ਸਬੰਧੀ ਹੋਰ ਰਹੀ ਹੈ ਗੱਲਬਾਤ

MP Amritpal's audio goes viral

ਪਿੱਛਲੇ ਦਿਨੀਂ ਐਮਪੀ ਅੰਮ੍ਰਿਤਪਾਲ ਸਿੰਘ ਦੀ ਇਕ ਆਡੀਓ ਵਾਇਰਲ ਹੋਈ ਸੀ। ਜਿਸ ਵਿਚ ਉਹ ਕਿਸੇ ਨਾਲ ਪੈਸੇ ਦੇ ਲੈਣ ਦੇਣ ਦੀ ਗੱਲ ਕਰ ਰਿਹਾ ਹੈ। ਇਸੇ ਆਡੀਓ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਇਹ ਜਿਹੜੀ ਆਡੀਓ ਸਾਹਮਣੇ ਆਈ ਹੈ ਇਸ ਵਿਚ ਸਾਰੀ ਗੱਲਬਾਤ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋ ਰਹੀ ਹੈ। ਇਸ ਪੈਸੇ ਦੇ ਲੈਣ ਦੇਣ ਦਾ ਬਾਬਾ ਅਤਰ ਸਿੰਘ ਨੂੰ ਪਤਾ ਹੈ। ਪਰ ਹੁਣ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਇਹ ਆਡੀਓ ਏਆਈ ਨਾਲ ਬਣਾਈ ਹੋਈ ਹੈ।

ਸੁਖਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਅਤੇ ਅੰਮ੍ਰਿਤਪਾਲ ਸਿੰਘ ਇਕ ਹੀ ਟਰਾਂਸਪੋਰਟ ਵਿਚ ਇਕੱਠੇ ਕੰਮ ਕਰਦੇ ਹੁੰਦੇ ਸੀ ਤੇ ਇਸੇ ਦੌਰਾਨ ਮੇਰੇ ਫ਼ੋਨ ’ਤੇ ਆਟੋ ਰਿਕਾਰਡਿੰਗ ਲੱਗੀ ਹੋਈ ਸੀ। ਮੈਂ ਅੰਮ੍ਰਿਤਪਾਲ ਸਿੰਘ ਨੂੰ ਪੈਸੇ ਦੇ ਲੈਣ ਦੇਣ ਲਈ ਫ਼ੋਨ ਲਗਾਇਆ ਸੀ। ਫ਼ੋਨ ’ਤੇ ਗੱਲ ਕਰਦੇ ਹੋਏ ਅੰਮ੍ਰਿਤਪਾਲ ਨੇ ਮੈਨੂੰ ਕਿਹਾ ਸੀ ਕਿ ਮੈਂ ਤੇਰੇ ਪੈਸੇ ਨਹੀਂ ਦੇ ਸਕਦਾ, ਇਸ ਸਮੇਂ ਮੇਰੇ ਹਾਲਾਤ ਬਹੁਤ ਮਾੜੇ ਹਨ। ਫਿਰ ਉਹ ਮੈਨੂੰ ਦੱਸਣ ਲਗਿਆ ਕਿ ਜਿਹੜੇ ਜੈਪਾਲ ਭੁੱਲਰ ਦਾ ਐਨਕਾਊਂਟਰ ਹੋਇਆ ਹੈ, ਭੁੱਲਰ ਨੇ ਜਿਹੜੀ ਲੁੱਟ ਕੀਤੀ ਸੀ ਉਸ ਵਿਚ ਮੇਰੀ ਹਿੱਸੇਦਾਰੀ ਸੀ,

ਕਿਉਂਕਿ ਮੈਂ ਹੀ ਜੈਪਾਲ ਨੂੰ ਦਸਿਆ ਸੀ ਕਿ ਉਥੇ ਲੁੱਟ ਕਰਨੀ ਹੈ ਇਸ ਲਈ ਮੇਰਾ ਵੀ ਉਸ ਵਿਚ 10 ਲੱਖ ਰੁਪਏ ਹਿੱਸਾ ਬਣਦਾ ਸੀ। ਪਰ ਮੈਨੂੰ ਲਗਿਆ ਕਿ ਅੰਮ੍ਰਿਤਪਾਲ ਮੈਨੂੰ ਪੈਸੇ ਨਾ ਦੇਣ ਕਰ ਕੇ ਇਹ ਬਹਾਨੇ ਬਣਾ ਰਿਹਾ ਹੈ ਤੇ ਉਸ ਦੀਆਂ ਗੱਲਾਂ ’ਤੇ ਗੌਰ ਨਹੀਂ ਕੀਤੀ। ਇਸ ਤੋਂ ਬਾਅਦ ਦੀਪ ਸਿੱਧੂ ਦਾ ਕਤਲ ਹੋ ਜਾਂਦਾ ਹੈ ਤੇ ਥੋੜ੍ਹੇ ਦਿਨਾਂ ਬਾਅਦ 18 ਮਈ 2024 ਨੂੰ ਸਾਨੂੰ ਧਮਕੀ ਦਿਤੀ ਜਾਂਦੀ ਹੈ ਕਿ ਤੁਸੀਂ ਅੰਮ੍ਰਿਤਪਾਲ ਸਿੰਘ ਵਿਰੁਧ ਬੋਲਣਾ ਬੰਦ ਕਰ ਦਿਉ। ਪਰ ਫਿਰ ਮੈਂ ਇਸ ਗੱਲ ’ਤੇ ਯਕੀਨ ਨਹੀਂ ਕੀਤਾ ਕਿਉਂਕਿ ਅਸੀਂ ਬਹੁਤ ਸਮਾਂ ਇਕੱਠਾ ਰਹੇ ਸਨ।

ਇਸ ਤੋਂ ਬਾਅਦ ਅਸੀਂ ਅੰਮ੍ਰਿਤਪਾਲ  ਦੇ ਚਾਚੇ ਮਨਜੀਤ ਸਿੰਘ ਨੂੰ ਵੀ ਇਸ ਧਮਕੀ ਬਾਰੇ ਦਸਿਆ ਸੀ ਜੋ ਦੁਬਈ ਵਿਚ ਰਹਿੰਦੇ ਹਨ। ਜਿਸ ਤੋਂ ਬਾਅਦ ਅੱਜ ਤਕ ਮੇਰੇ ਨਾਲ ਮਨਜੀਤ ਸਿੰਘ ਨੇ ਕੋਈ ਗੱਲ ਨਹੀਂ ਕੀਤੀ। ਇਸ ਤੋਂ ਬਾਅਦ ਹੀ ਬਾਈ ਗੁਰਪ੍ਰੀਤ ਸਿੰਘ ਦਾ ਵੀ ਕਤਲ ਹੋ ਜਾਂਦਾ ਹੈ, ਜੋ ਅੰਮ੍ਰਿਤਪਾਲ ਸਿੰਘ ਨੇ ਕਰਵਾਇਆ ਸੀ। ਇਸ ਤੋਂ ਬਾਅਦ ਇਹ ਆਡੀਓ ਅਸੀਂ ਪੁਲਿਸ ਨੂੰ ਸਬੂਤ ਦੇ ਤੌਰ ’ਤੇ ਦਿਤਾ ਸੀ। ਜੇ ਲੋਕ ਇਸ ਆਡੀਓ ਨੂੰ ਏਆਈ ਨਾਲ ਬਣਾਈ ਦਸ ਰਹੇ ਹਨ ਤਾਂ ਇਸ ਆਡੀਓ ਦੀ ਫ਼ੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ। ਜਿਸ ਨਾਲ ਸਾਰਾ ਝੂਠ ਸੱਚ ਸਾਹਮਣੇ ਆ ਜਾਵੇਗਾ।

ਅਸੀਂ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਤਾਂ ਕਰਦੇ ਸਨ ਕਿਉਂਕਿ ਇਸ ਦੇ ਆਸੇ ਪਾਸੇ ਜਿਹੜੇ ਲੋਕ ਸਨ ਉਨ੍ਹਾਂ ਦਾ ਕਿਰਦਾਰ ਬਹੁਤ ਮਾੜਾ ਸੀ। ਫਿਰ ਇਸ ਦੇ ਇਕ ਖ਼ਾਸ ਬੰਦੇ ਨੇ ਕਿਸੇ ਬੀਬੀ ਨਾਲ ਗ਼ਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਉਸ ਬੰਦੇ ਦੇ ਹੱਕ ਵਿਚ ਅਜਨਾਲਾ ਵਿਚ ਥਾਣੇ ਦਾ ਘਿਰਾਉ ਕੀਤਾ ਸੀ। ਅਸੀਂ ਅੰਮ੍ਰਿਤਪਾਲ ਕਿਹਾ ਸੀ ਕਿ ਸਿੱਖੀ ਸਿਧਾਤ ਇਹ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕਿਸੇ ਦੀ ਧੀ-ਭੈਣ ਨਾਲ ਇਸ ਤਰ੍ਹਾਂ ਕਰੀਏ ਤੇ ਮੁਜ਼ਲਮ ਦਾ ਸਾਥ ਦੇ ਰਿਹਾ ਹੈ, ਜਿਸ ਤੋਂ ਬਾਅਦ ਸਾਡੇ ਵਿਚ ਹੋਰ ਮਤਭੇਦ ਵੱਧ ਗਿਆ।

ਅਸੀਂ 1 ਜਨਵਰੀ 2023 ਨੂੰ ਵੀ ਅੰਮ੍ਰਿਤਪਾਲ ਸਿੰਘ ਦੇ ਘਰ ਗਏ ਸੀ ਤੇ ਉਸ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਅਸੀਂ ਦੁਬਾਰਾ 16 ਜਨਵਰੀ 2023 ਅੰਮ੍ਰਿਤਪਾਲ ਨੂੰ ਸਮਝਾਉਣ ਗਏ ਸੀ ਕਿ ਇਹ ਜਿਹੜੇ ਬੰਦੇ ਤੂੰ ਆਪਣੇ ਨਾਲ ਰੱਖੇ ਹਨ ਇਹ ਸਿੱਖ ਨੂੰ ਜਥੇਬੰਦੀ ਨੂੰ ਢਾਹ ਲਗਾਉਣਗੇ ਤੂੰ ਇਨ੍ਹਾਂ ਬੰਦਿਆਂ ਨੂੰ ਪਾਸੇ ਕਰ ਦੇਹ। ਅੰਮ੍ਰਿਤਪਾਲ  ਸਿੰਘ ਨੇ ਦੋ ਬਾਡੀਗਾਰਡ ਰੱਖੇ ਹੋਏ ਸੀ ਜਿਨ੍ਹਾਂ ਦਾ ਨਾਮ ਮੁਜ਼ਲਮਾਂ ਵਿਚ ਆਉਂਦਾ ਹੈ, ਇਨ੍ਹਾਂ ਵਿਚ ਇਕ ਦਾ ਨਾਂ ਗੁਰਭੇਸ਼ ਸਿੰਘ ਦਾਰਾ ਤੇ ਦੂਜਾ ਹੈ ਬਿਕਰਜੀਤ ਸਿੰਘ ਜਿਸ ਬਾਰੇ ਅੰਮ੍ਰਿਤਪਾਲ ਦੀ ਮਾਤਾ ਨੇ ਕਿਹਾ ਸੀ ਕਿ ਸਾਡਾ 8500 ਰੁਪਏ ਲੈ ਕੇ ਭੱਜ ਗਿਆ।

ਜਿਹੜੇ ਲੋਕ ਕਹਿੰਦੇ ਹਨ ਕਿ ਅੰਮ੍ਰਿਤਪਾਲ ਸਿੰਘ ਐਮ.ਪੀ. ਬਣ ਗਿਆ ਹੈ ਜਿਸ ਕਰ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਪਰ ਸਾਡਾ ਤਾਂ ਪਹਿਲਾਂ ਹੀ ਉਸ ਨਾਲ ਵਿਰੋਧ ਚੱਲ ਰਿਹਾ ਸੀ ਕਿਉਂਕਿ ਉਸ ਨਾਲ ਮਾੜੇ ਕਿਰਦਾਰ ਦੇ ਬੰਦੇ ਜੁੜ ਗਏ ਸਨ। ਇਕ ਪਾਸੇ ਤਾਂ ਅੰਮ੍ਰਿਤਪਾਲ ਸਿੰਘ ਸਿੱਖੀ ਦਾ ਬਾਣਾ ਪਾ ਕੇ ਲੋਕਾਂ ਨੂੰ ਅੰਮ੍ਰਿਤ ਛਕਾ ਰਿਹਾ ਸੀ ਤੇ ਦੂਜੇ ਪਾਸੇ ਉਹ ਮਾੜੇ ਕੰਮ ਕਰ ਰਿਹਾ ਸੀ। ਇਸ ਆਡੀਓ ਦਾ ਪੱਖ ਰੱਖਦੇ ਹੋਏ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਜੇ ਆਡੀਓ ਵਿਚ ਕੋਈ ਸਚਾਈ ਹੁੰਦੀ ਤਾਂ ਵੋਟਾਂ ਵੇਲੇ ਇਨ੍ਹਾਂ ਵਲੋਂ ਕੀਤੇ ਕੂੜ ਪ੍ਰਚਾਰ ਦੌਰਾਨ ਹੀ ਇਹ ਆਡੀਓ ਸਾਹਮਣੇ ਆ ਜਾਣੀ ਸੀ,

ਜਿਸ ਦਾ ਵੋਟਾਂ ਵੇਲੇ ਇਨ੍ਹਾਂ ਨੂੰ ਵੱਡਾ ਫ਼ਾਇਦਾ ਹੋ ਸਕਦਾ ਸੀ। ਇਹ ਸਭ ਸਾਡੀ ਜਥੇਬੰਦੀ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ ਤੇ ਇਹ ਸਾਬਤ ਕੀਤਾ ਜਾ ਸਕੇ ਕਿ ਅੰਮ੍ਰਿਤਪਾਲ ਸਿੰਘ ਬਹੁਤ ਖ਼ਤਰਨਾਕ ਹੈ। ਇਨ੍ਹਾਂ ਵਲੋਂ ਇਹ ਸਭ ਕੁੱਝ ਅੰਮ੍ਰਿਤਪਾਲ ਸਿੰਘ ਤੇ ਪਾਰਟੀ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਡੇਗਣ ਲਈ ਕੀਤਾ ਜਾ ਰਿਹਾ ਹੈ।