ਸਨਅਤੀ ਇਕਾਈਆਂ ਵਿਚ ਟਰੀਟਮੈਂਟ ਪਲਾਂਟ ਯਕੀਨੀ ਬਣਾਏ ਜਾਣਗੇ: ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਤਾਵਰਣ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਉਘੇ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ...

Om Prakash Soni

ਵਾਤਾਵਰਣ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਉਘੇ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰ ਕੇ ਰਾਜ ਦੇ ਵਾਤਾਵਰਨ ਸਬੰਧੀ ਮਸਲਿਆਂ ਉਤੇ ਚਰਚਾ ਕੀਤੀ। ਵਾਤਾਵਰਣ ਮੰਤਰੀ ਸ੍ਰੀ ਸੋਨੀ ਨੇ ਸ੍ਰੀ ਸੀਚੇਵਾਲ ਨੂੰ ਦਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਉਚੇਚੇ ਤੌਰ 'ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਅਤੇ ਪੰਜਾਬ ਦੇ ਵਾਤਾਵਰਨ ਨੂੰ ਬਿਹਤਰ ਬਣਾਉਣ ਲਈ ਸੁਝਾਅ ਲੈਣ ਲਈ ਭੇਜਿਆ ਹੈ। 

ਇਸ ਵਿਚਾਰ-ਚਰਚਾ ਦੌਰਾਨ ਸ੍ਰੀ ਸੀਚੇਵਾਲ ਨੇ ਸੁਝਾਅ ਦਿਤਾ ਕਿ ਸਰਕਾਰ ਸੱਭ ਤੋਂ ਪਹਿਲਾਂ ਮਿਊਂਸਪਲ ਕਮੇਟੀਆਂ ਦੇ ਗੰਦੇ ਪਾਣੀ ਨੂੰ ਲਗਾਤਾਰ ਸਾਫ਼ ਕਰਨ ਲਈ ਲਾਏ ਟਰੀਟਮੈਂਟ ਪਲਾਂਟਾਂ ਨੂੰ ਸਹੀ ਤਰੀਕੇ ਨਾਲ ਚਲਾਏ ਅਤੇ ਜਿਨ੍ਹਾਂ 100 ਸ਼ਹਿਰਾਂ ਵਿਚ ਅਜੇ ਤਕ ਟਰੀਟਮੈਂਟ ਪਲਾਂਟ ਨਹੀਂ ਲਾਏ ਗਏ, ਉਨ੍ਹਾਂ ਵਿਚ ਜਲਦੀ ਪਲਾਂਟ ਲਾਏ ਜਾਣ।

ਇਸ ਉਤੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਵਿਚ ਟਰੀਟਮੈਂਟ ਪਲਾਂਟ ਸਥਾਪਤ ਕਰਨ ਲਈ ਇਕ ਹਜ਼ਾਰ ਕਰੋੜ ਰੁਪਏ ਰੱਖੇ ਹਨ। ਸ੍ਰੀ ਸੀਚੇਵਾਲ ਨੇ ਉਦਯੋਗਿਕ ਇਕਾਈਆਂ ਵਲੋਂ ਦਰਿਆਵਾਂ ਵਿਚ ਖ਼ਾਸ ਕਰ ਕੇ ਕਾਲਾ ਸੰਘਿਆ ਡਰੇਨ ਅਤੇ ਬੁੱਢੇ ਨਾਲੇ ਵਿਚ ਪਾਏ ਜਾ ਰਹੇ ਗੰਦੇ ਪਾਣੀ ਉਤੇ ਚਿੰਤਾ ਪ੍ਰਗਟ ਕੀਤੀ। ਇਸ ਉਤੇ ਮੰਤਰੀ ਨੇ ਭਰੋਸਾ ਦਿਤਾ ਕਿ ਰਾਜ ਸਰਕਾਰ ਉਦਯੋਗਾਂ ਵਿੱਚ ਟਰੀਟਮੈਂਟ ਪਲਾਂਟ ਲਾਉਣਾ ਯਕੀਨੀ ਬਣਾਏਗੀ ਅਤੇ ਜੇਕਰ ਕੋਈ ਉਦਯੋਗਿਕ ਇਕਾਈ ਟਰੀਟਮੈਂਟ ਪਲਾਂਟ ਲਾਉਣ ਵਿਚ ਆਨਾਕਾਨੀ ਕਰੇਗੀ ਤਾਂ ਉਸ ਨੂੰ ਬੰਦ ਕਰਨ ਵਿਚ ਵੀ ਪੰਜਾਬ ਸਰਕਾਰ ਗੁਰੇਜ ਨਹੀਂ ਕਰੇਗੀ।

ਸੀਚੇਵਾਲ ਨੇ ਰਾਜ ਵਿਚ ਛੱਪੜਾਂ ਦੇ ਪਾਣੀ ਦੀ ਸਫ਼ਾਈ ਅਤੇ ਵਰਤੋਂ ਲਈ ਸੀਚੇਵਾਲ ਮਾਡਲ ਅਪਨਾਉਣ ਦੀ ਸਲਾਹ ਦਿਤੀ ਜਿਸ ਉਤੇ ਵਾਤਾਵਰਣ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਪੇਂਡੂ ਵਿਕਾਸ ਮੰਤਰੀ ਨਾਲ ਮੀਟਿੰਗ ਕਰ ਕੇ ਇਸ ਸਬੰਧੀ ਜ਼ਰੂਰੀ ਕਾਰਵਾਈ ਕਰਵਾਉਣਗੇ। ਇਸ ਮੌਕੇ ਕਾਹਨ ਸਿੰਘ ਪੰਨੂੰ ਚੇਅਰਮੈਨ ਪੰਜਾਬ ਪ੍ਰਦੂਸ਼ਣ ਬੋਰਡ ਵੀ ਮੌਜੂਦ ਸਨ।