ਆਯੂਸ਼ ਹਸਪਤਾਲ ਖੁੱਲ੍ਹਣ 'ਚ ਕਿਸੇ ਨੂੰ ਵੀ ਅੜਿੱਕਾ ਨਹੀਂ ਬਣਨ ਦੇਵਾਂਗਾ : ਡਾ. ਹਰਜੋਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਸਰਕਾਰ ਵਲੋਂ ਆਯੂਰਵੈਦਾ, ਯੋਗਾ ਅਤੇ ਨਿਯੂਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਦਾ ਇੱਕ ਸਾਂਝਾ ਵਿਭਾਗ ਆਯੂਸ਼ ਬਣਾਇਆ ਹੈ ਅਤੇ ਪੰਜਾਬ ਵਿੱਚ ਸਿਰਫ਼ 2 ...

Dr. Harjot

ਭਾਰਤ ਸਰਕਾਰ ਵਲੋਂ ਆਯੂਰਵੈਦਾ, ਯੋਗਾ ਅਤੇ ਨਿਯੂਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਦਾ ਇੱਕ ਸਾਂਝਾ ਵਿਭਾਗ ਆਯੂਸ਼ ਬਣਾਇਆ ਹੈ ਅਤੇ ਪੰਜਾਬ ਵਿੱਚ ਸਿਰਫ਼ 2 ਹੀ ਆਯੂਸ਼ ਹਸਪਤਾਲ ਭਾਰਤ ਸਰਕਾਰ ਵਲੋਂ ਮਨਜੂਰ ਕੀਤੇ ਗਏ ਹਨ। ਹਲਕਾ ਵਿਧਾਇਕ ਡਾ. ਹਰਜੋਤ ਦੇ ਭਰਪੂਰ ਯਤਨਾਂ ਸਦਕਾ ਇੱਕ 50 ਬੈਡ ਦਾ ਆਯੂਸ਼ ਹਸਪਤਾਲ ਮੋਗਾ ਲਈ ਮਨਜ਼ੂਰ ਹੋਇਆ ਜਦਕਿ ਦੂਜਾ ਡੇਰਾ ਬੱਸੀ ਦੇ ਹਿੱਸੇ ਆਇਆ ਹੈ।

ਜੋ ਕਿ ਪਹਿਲਾਂ ਮੋਗਾ ਨੂੰ ਨਹੀਂ ਬਲਕਿ ਕਿਸੇ ਹੋਰ ਜਿਲ੍ਹੇ ਨੂੰ ਦਿੱਤਾ ਜਾਣਾ ਸੀ ਪਰ ਡਾ. ਹਰਜੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕਰਕੇ ਇਸਨੂੰ ਮੋਗਾ ਲਈ ਮਨਜ਼ੂਰ ਕਰਵਾਇਆ ਅਤੇ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰਵਾਈਆ ਪਰ ਹਸਪਤਾਲ ਖੁੱਲ੍ਹਣ ਦੀ ਮਨਜ਼ੂਰੀ ਤੋਂ ਬਾਅਦ ਹਸਪਤਾਲ ਖੋਲ੍ਹਣ ਲਈ ਜਗ੍ਹਾਂ ਦੀ ਜਰੂਰਤ ਸੀ,

ਜੋ ਕਿ ਨਗਰ ਨਿਗਮ ਮੋਗਾ ਵਲੋਂ ਦਿੱਤੀ ਜਾਣੀ ਸੀ ਪਰ ਨਗਰ ਨਿਗਮ ਦੀਆਂ ਕਈ ਮੀਟਿੰਗਾਂ ਵਿੱਚ ਇਸ ਮਾਮਲੇ ਦੇ ਉੱਠਣ ਦੇ ਬਾਵਜੂਦ ਵੀ ਕਿਸੇ ਨੇ ਇਸ ਵਿਸ਼ੇ ਤੇ ਗੰਭੀਰਤਾ ਨਹੀਂ ਦਿਖਾਈ ਅਤੇ ਇਸ ਸਬੰਧੀ ਮਤਾ ਪਾਸ ਨਹੀਂ ਕੀਤਾ ਜੋਕਿ ਇਨ੍ਹਾਂ ਦੀ ਨਾਕਾਰਾਤਮ ਅਤੇ ਵਿਕਾਸ ਵਿਰੋਧੀ ਸੋਚ ਨੂੰ ਉਜਾਗਰ ਕਰਦਾ ਹੈ। 
ਡਾ. ਹਰਜੋਤ ਨੇ ਦੱਸਿਆ ਕਿ ਉਨ੍ਹਾਂ ਨੇ ਫੋਨ ਤੇ ਨਗਰ ਨਿਗਮ ਦੀ ਕਮੇਟੀ ਨੂੰ ਮਤਾ ਪਾਸ ਕਰਨ ਦੀ ਅਪੀਲ ਕੀਤੀ ਸੀ ਤਾਂਕਿ ਜਲਦ ਤੋਂ ਜਲਦ ਆਯੂਸ਼ ਹਸਪਤਾਲ ਖੋਲਿਆ

ਜਾ ਸਕੇ ਅਤੇ ਸ਼ਹਿਰ ਦੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾ ਮਿਲ ਸਕਣ ਪਰ ਜੋ ਲੋਕ ਮੋਗਾ ਦੇ ਵਿਕਾਸ ਵਿੱਚ ਅੜਿੱਕਾ ਬਣ ਰਹੇ ਹਨ ਉਹ ਨਹੀਂ ਚਾਹੁੰਦੇ ਕਿ ਮੋਗਾ ਨੂੰ ਆਯੂਸ਼ ਹਸਪਤਾਲ ਵਰਗੀਆਂ ਸਹੂਲਤਾ ਮਿਲਣ। ਡਾ. ਹਰਜੋਤ ਨੇ ਕਿਹਾ ਕਿ ਉਨ੍ਹਾਂ ਦੀ ਇਸ ਸੋਚ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਹਰ ਹਾਲਤ ਵਿੱਚ ਆਯੂਸ਼ ਹਸਪਤਾਲ ਖੋਲਿਆ ਜਾਵੇਗਾ ਚਾਹੇ ਉਨ੍ਹਾਂ ਨੂੰ ਮੋਗਾ ਦੇ ਆਸ ਪਾਸ ਕਿਸੇ ਹੋਰ ਜਗ੍ਹਾਂ ਤੇ ਹੀ ਕਿਉਂ ਨਾ ਹਸਪਤਾਲ ਖੁਲਵਾਉਣਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਨੇ ਮੋਗਾ ਲਈ ਵਿਕਾਸ ਵਿਰੋਧੀ ਰਵੱਈਆ ਨਾ ਛੱਡਿਆ ਤਾਂ ਇਸਦਾ ਜਵਾਬ ਮੋਗਾ ਦੇ ਲੋਕ ਹੀ ਨਗਰ ਨਿਗਮ ਨੂੰ ਬਾਖੂਬੀ ਦੇਣਗੇ।