ਮੰਡੀ ਗੋਬਿੰਦਗੜ੍ਹ 'ਚ ਪੁਲਿਸ ਤੇ ਮਜ਼ਦੂਰਾਂ ਵਿਚਾਲੇ ਟਕਰਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੇ ਸੋਮਵਾਰ ਸਵੇਰੇ ਪੁਲਿਸ ਤੇ ਆਪੋ-ਅਪਣੇ ਸੂਬਿਆਂ 'ਚ ਜਾਣ ਲਈ ਪੁੱਜੇ ਮਜ਼ਦੂਰਾਂ ਵਿਚਕਾਰ ਟਕਰਾਅ ਹੋ ਗਿਆ

File Photo

ਮੰਡੀ ਗੋਬਿੰਦਗੜ੍ਹ, 25 ਮਈ (ਪਪ) : ਇਥੇ ਸੋਮਵਾਰ ਸਵੇਰੇ ਪੁਲਿਸ ਤੇ ਆਪੋ-ਅਪਣੇ ਸੂਬਿਆਂ 'ਚ ਜਾਣ ਲਈ ਪੁੱਜੇ ਮਜ਼ਦੂਰਾਂ ਵਿਚਕਾਰ ਟਕਰਾਅ ਹੋ ਗਿਆ। ਟ੍ਰੇਨ ਰੱਦ ਹੋਣ ਦੀ ਸੂਚਨਾ 'ਤੇ ਭੜਕੇ ਮਜ਼ਦੂਰਾਂ ਨੇ ਨੈਸ਼ਨਲ ਹਾਈਵੇਅ ਦੇ ਨਾਲ ਲਿੰਕ ਰੋਡ 'ਤੇ ਜਾਮ ਲਗਾ ਦਿਤਾ ਤੇ ਪੁਲਿਸ 'ਤੇ ਪਥਰਾਅ ਕੀਤਾ। ਇਸ ਦੌਰਾਨ ਪੁਲਿਸ ਦੀਆਂ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਪੁਲਿਸ ਮਜ਼ਦੂਰਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕਰ ਰਹੀ ਹੈ। ਇਸ ਵਿਚ ਕਈ ਮਜ਼ਦੂਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਦਸਿਆ ਜਾ ਰਿਹਾ ਹੈ ਕਿ ਮਜ਼ਦੂਰ ਬਿਹਾਰ ਜਾਣ ਵਾਲੀ ਟ੍ਰੇਨ ਲਈ ਇੱਥੇ ਬੈਠੇ ਸਨ। ਉਹ ਬੱਸ ਦਾ ਇੰਤਜ਼ਾਰ ਕਰ ਰਹੇ ਸਨ।

ਇਸੇ ਦੌਰਾਨ ਕਿਸੇ ਨੇ ਕਿਹਾ ਕਿ ਟ੍ਰੇਨ ਰੱਦ ਹੋ ਗਈ ਹੈ। ਬਸ ਇਸ ਤੋਂ ਬਾਅਦ ਮਜ਼ਦੂਰ ਭੜਕ ਗਏ। ਪੁਲਿਸ ਨਾਲ ਤਿੱਖੀ ਝੜਪ ਹੋਈ। ਮਾਮਲਾ ਹਿੰਸਕ ਹੋ ਗਿਆ। ਮਜ਼ਦੂਰਾਂ ਨੇ ਪੁਲਿਸ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿਤੇ। ਪੁਲਿਸ ਨੇ ਵੀ ਲਾਠੀਚਾਰਜ ਕੀਤਾ। ਮੌਕੇ 'ਤੇ ਤਹਿਸੀਲਦਾਰ ਤੇ ਪੁਲਿਸ ਬਲ ਪਹੁੰਚ ਗਿਆ ਹੈ। ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

ਟ੍ਰੇਨ ਦੇ ਐਲਾਨ ਤੋਂ ਬਾਅਦ ਮਜ਼ਦੂਰ ਦੋ ਦਿਨਾਂ ਤੋਂ ਇਥੇ ਜਮ੍ਹਾਂ ਸਨ। ਅੱਜ ਸਵੇਰੇ ਉਹ ਰੇਲਵੇ ਸਟੇਸ਼ਨ ਜਾਣ ਲਈ ਬਸਾਂ ਦਾ ਇੰਤਜ਼ਾਰ ਕਰ ਰਹੇ ਸਨ। ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਵੀ ਜਦੋਂ ਬੱਸ ਨਾ ਆਈ ਤਾਂ ਉਨ੍ਹਾਂ ਦਾ ਗੁੱਸਾ ਫੁੱਟ ਪਿਆ। ਇਸੇ ਦੌਰਾਨ ਕਿਸੇ ਦੀ ਭੀੜ 'ਚੋਂ ਆਵਾਜ਼ ਆਈ ਕਿ ਟ੍ਰੇਨ ਰੱਦ ਹੋ ਗਈ ਹੈ। ਇਸ 'ਤੇ ਮਜ਼ਦੂਰ ਹੋਰ ਭੜਕ ਗਏ। ਪੁਲਿਸ ਉਨ੍ਹਾਂ ਨੂੰ ਸਮਝਾਉਣ ਪੁੱਜੀ ਪਰ ਰੇਲਵੇ ਸਟੇਸ਼ਨ ਨਾ ਪਹੁੰਚਣ ਤੋਂ ਨਿਰਾਸ਼ ਮਜ਼ਦੂਰਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਇਸ ਦੌਰਾਨ ਕੁੱਝ ਲੋਕਾਂ ਨੇ ਪੁਲਿਸ 'ਤੇ ਪਥਰਾਅ ਸ਼ੁਰੂ ਕਰ ਦਿਤਾ। ਕਈ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਮਜ਼ਦੂਰਾਂ ਦਾ ਪ੍ਰਦਰਸ਼ਨ ਦੇਖ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।