ਲਗਾਤਾਰ 10 ਸਾਲ ਰੋਜ਼ਾਨਾ ਸਪੋਕਸਮੈਨ ਨਾਲ ਹੁੰਦੀ ਰਹੀ ਵਿਤਕਰੇਬਾਜ਼ੀ ਤੇ ਧੱਕੇਸ਼ਾਹੀ : ਚਾਵਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਪ੍ਰੈਸ ਦੀ ਅਜ਼ਾਦੀ ਦੇ ਮੁੱਦੇ 'ਤੇ ਵੱਡੇ-ਵੱਡੇ ਬਿਆਨ ਜਾਰੀ ਕਰਨ ਵਾਲੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ

File photo

ਕੋਟਕਪੂਰਾ : ਅੱਜ ਪ੍ਰੈਸ ਦੀ ਅਜ਼ਾਦੀ ਦੇ ਮੁੱਦੇ 'ਤੇ ਵੱਡੇ-ਵੱਡੇ ਬਿਆਨ ਜਾਰੀ ਕਰਨ ਵਾਲੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੀ ਸਰਕਾਰ ਮੌਕੇ ਲਗਾਤਾਰ 10 ਸਾਲ 'ਰੋਜ਼ਾਨਾ ਸਪੋਕਸਮੈਨ' ਨਾਲ ਕੀਤੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਦੀ ਮਿਸਾਲ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਨਹੀਂ ਮਿਲਦੀ।

ਦੋ ਸੀਨੀਅਰ ਪੱਤਰਕਾਰਾਂ ਜੈ ਸਿੰਘ ਛਿੱਬਰ ਅਤੇ ਮੇਜਰ ਸਿੰਘ ਮੋਹਾਲੀ ਨਾਲ ਵਾਪਰੀਆਂ ਪੁਲਿਸ ਧੱਕੇਸ਼ਾਹੀ ਦੀਆਂ ਦੋ ਘਟਨਾਵਾਂ ਦੇ ਰੋਸ ਵਜੋਂ ਮੁੱਖ ਮੰਤਰੀ ਪੰਜਾਬ ਲਈ ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ ਨੂੰ ਮੰਗ ਪੱਤਰ ਦੇਣ ਲਈ ਪੁੱਜੇ ਸੀਨੀਅਰ ਪੱਤਰਕਾਰਾਂ ਗੁਰਿੰਦਰ ਸਿੰਘ ਮਹਿੰਦੀਰੱਤਾ, ਸ਼ਾਮ ਲਾਲ ਚਾਵਲਾ, ਸੁਭਾਸ਼ ਮਹਿਤਾ ਅਤੇ ਹੋਰਨਾ ਨੇ ਅਨੇਕਾਂ ਉਦਾਹਰਨਾਂ ਦਿੰਦਿਆਂ ਦਸਿਆ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਪ੍ਰੈਸ ਦੀ ਅਜ਼ਾਦੀ ਦੀ ਦੁਹਾਈ ਕਾਂਗਰਸੀਆਂ ਵਲੋਂ ਪਾਉਣ ਅਤੇ ਹੁਣ ਵਿਰੋਧੀ ਧਿਰ 'ਚ ਆਏ ਅਕਾਲੀਆਂ ਨੇ ਕਾਂਗਰਸ ਸਰਕਾਰ ਦੀ ਇਸ ਮੁੱਦੇ 'ਤੇ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿਤੀ ਹੈ।

ਜਦਕਿ ਵਰਤਮਾਨ ਸਮੇਂ ਦੇ ਮੁਕਾਬਲੇ ਪਿਛਲੇ ਸਮੇਂ 'ਚ ਅਰਥਾਤ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਵੀ ਪੱਤਰਕਾਰਾਂ 'ਤੇ ਪੁਲਿਸ ਜਿਆਦਤੀਆਂ, ਝੂਠੇ ਪੁਲਿਸ ਮਾਮਲੇ, ਵਿਤਕਰੇਬਾਜੀ ਅਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਕੋਈ ਘੱਟ ਨਹੀਂ ਸਨ ਹੋਈਆਂ। ਉਨ੍ਹਾਂ ਮੰਗ ਕੀਤੀ ਕਿ ਇੱਕ ਖਬਰ ਦੇ ਆਧਾਰ 'ਤੇ ਪੱਤਰਕਾਰ ਜੈ ਸਿੰਘ ਛਿੱਬਰ ਵਿਰੁਧ ਝੂਠਾ ਮਾਮਲਾ ਦਰਜ ਕਰ ਕੇ ਉਸ ਦੀ ਨਬਾਲਗ ਬੇਟੀ ਸਮੇਤ ਪਰਵਾਰਕ ਮੈਂਬਰਾਂ ਨੂੰ ਜਲੀਲ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁਧ ਕਾਰਵਾਈ ਦੀ ਮੰਗ ਕਰਦਿਆਂ ਕਵਰੇਜ ਕਰ ਰਹੇ ਪੱਤਰਕਾਰ ਮੇਜਰ ਸਿੰਘ ਮੋਹਾਲੀ 'ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਪੁਲਿਸੀਆਂ ਨੂੰ ਡਿਸਮਿਸ ਕਰ ਕੇ ਉਨ੍ਹਾਂ ਵਿਰੁਧ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ।

ਸਮੂਹ ਪੱਤਰਕਾਰਾਂ ਨੇ ਸਖ਼ਤ ਲਹਿਜੇ 'ਚ ਆਖਿਆ ਕਿ ਅਜਿਹੀਆਂ ਘਟਨਾਵਾਂ ਪੱਤਰਕਾਰ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ, ਕਿਉਂਕਿ ਜੇਕਰ ਪ੍ਰੈਸ ਤੇ ਪੁਲਿਸ ਦੀ ਸਾਂਝ ਨੂੰ ਬਰਕਰਾਰ ਰਖਣਾ ਹੈ ਤਾਂ ਸਿਰਫ਼ ਨਹੁੰ-ਮਾਸ ਦਾ ਰਿਸ਼ਤਾ ਕਹਿਣ ਨਾਲ ਹੀ ਗੱਲ ਨਹੀਂ ਬਣਨੀ ਬਲਕਿ ਪੁਲਿਸ ਵਿਭਾਗ 'ਚ ਸ਼ਾਮਲ ਜਾਲਮਾਨਾਂ ਬਿਰਤੀ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਸੀਅਤ ਦੇਣੀ ਪਵੇਗੀ।

ਕੋਟਕਪੂਰੇ ਦੇ ਸਮੂਹ ਪੱਤਰਕਾਰ 'ਧੱਕੇਸ਼ਾਹੀ ਬੰਦ ਕਰੋ ਅਤੇ ਗੁੰਡਾਗਰਦੀ ਨਹੀਂ ਚੱਲੇਗੀ', ਦੀ ਨਾਅਰੇਬਾਜ਼ੀ ਕਰਦਿਆਂ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ ਪੁੱਜੇ ਜਿੱਥੇ ਐਸਡੀਐਮ ਦੀ ਗ਼ੈਰ ਹਾਜ਼ਰੀ ਕਾਰਨ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਨੂੰ ਮੰਗ ਪੱਤਰ ਸੋਂਪਿਆ ਗਿਆ। ਰਜਿੰਦਰ ਸਿੰਘ ਸਰਾਂ ਤਹਿਸੀਲਦਾਰ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਇਹ ਮੰਗ ਪੱਤਰ ਅੱਜ ਹੀ ਡਿਪਟੀ ਕਮਿਸ਼ਨਰ ਫ਼ਰੀਦਕੋਟ ਤਕ ਅਗਲੀ ਕਾਰਵਾਈ ਲਈ ਭੇਜ ਦਿਤਾ ਜਾਵੇਗਾ।