ਮੁਹਾਲੀ ਹਵਾਈ ਅੱਡੇ 'ਤੇ ਪਰਤੀਆਂ ਰੌਣਕਾਂ, ਮੁੜ ਸ਼ੁਰੂ ਹੋਈਆਂ ਉਡਾਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਦੀ ਮਹਾਂਮਾਰੀ ਦੌਰਾਨ ਹੋਈ ਤਾਲਾਬੰਦੀ ਕਾਰਨ ਬੰਦ ਹੋਈਆਂ ਘਰੇਲੂ ਉਡਾਣਾਂ ਅੱਜ ਸ਼ੁਰੂ ਹੋ ਗਈਆਂ ਹਨ

File Photo

ਐਸ.ਏ.ਐਸ ਨਗਰ, 25 ਮਈ (ਸੁਖਦੀਪ ਸਿੰਘ ਸੋਈਂ): ਕੋਰੋਨਾ ਦੀ ਮਹਾਂਮਾਰੀ ਦੌਰਾਨ ਹੋਈ ਤਾਲਾਬੰਦੀ ਕਾਰਨ ਬੰਦ ਹੋਈਆਂ ਘਰੇਲੂ ਉਡਾਣਾਂ ਅੱਜ ਸ਼ੁਰੂ ਹੋ ਗਈਆਂ ਹਨ ਅਤੇ ਨਾਲ ਹੀ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀ ਉਡਾਣਾਂ ਸ਼ੁਰੂ ਹੋ ਗਈਆਂ ਹਨ। ਲਗਭਗ ਦੋ ਮਹੀਨੇ ਬਾਅਦ ਸ਼ੁਰੂ ਹੋਈ ਉਡਾਣ  ਸੇਵਾ ਦੌਰਾਨ ਅੱਜ ਮੁਹਾਲੀ ਏਅਰਪੋਰਟ ਤੋਂ 7 ਉਡਾਣਾਂ ਰਵਾਨਾ ਹੋਈਆਂ ਹਨ ਜਿਨ੍ਹਾਂ ਦੀ ਗਿਣਤੀ ਅਗਲੇ ਕੁੱਝ ਦਿਨਾਂ ਦੌਰਾਨ ਵਧਾ ਦਿਤੀ ਜਾਵੇਗੀ ਜਿਸ ਤੋਂ ਬਾਅਦ ਇਥੋਂ 13 ਉਡਾਣਾਂ ਜਾਇਆ ਕਰਨਗੀਆਂ।

ਅੱਜ ਸਵੇਰੇ 11 ਵਜੇ ਮੁੰਬਈ ਤੋਂ ਪਹਿਲੀ ਫ਼ਲਾਈਟ ਮੁਹਾਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚੀ ਜਿਸ ਵਿਚ ਆਈਆਂ ਸਵਾਰੀਆਂ ਦੀ ਆਉਂਦਿਆਂ ਹੀ ਸਕ੍ਰੀਨਿੰਗ ਕੀਤੀ ਗਈ ਮੁੰਬਈ ਤੋਂ ਆਏ ਯਾਤਰੀਆਂ ਨੂੰ ਫ਼ਿਲਹਾਲ ਘਰ ਭੇਜ ਦਿਤਾ ਗਿਆ ਹੈ ਪਰੰਤੂ ਕਿਸੇ ਵੀ ਯਾਤਰੀ ਦੀ ਰਿਪੋਰਟ ਵਿਚ ਲੱਛਣ ਪਾਏ ਜਾਣ ਤੇ ਉਸਨੂੰ ਆਈਸੋਲੇਟ ਕੀਤਾ ਜਾਵੇਗਾ।