ਇਨਕਮ ਟੈਕਸ ਐਪੀਲੇਟ ਟਰੀਬਿਊਨਲ ਦੇ ਸਾਬਕਾ ਪ੍ਰਧਾਨ ਸ੍ਰੀ ਵਿਮਲ ਗਾਂਧੀ ਸਵਰਗਵਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨਕਮ ਟੈਕਸ ਐਪੀਲੇਟ ਟਰੀਬਿਊਨਲ ਦੇ ਸਾਬਕਾ ਪ੍ਰਧਾਨ ਸ੍ਰੀ ਵਿਮਲ ਗਾਂਧੀ ਸਵਰਗਵਾਸ

1

ਚੰਡੀਗੜ੍ਹ, 26 ਮਈ (ਸਪੋਕਸਮੈਨ ਨਿਊਜ਼ ਸਰਵਿਸ) : ਇਹ ਖ਼ਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਇਨਕਮ ਟੈਕਸ ਐਪੀਲੇਟ ਟਰੀਬਿਊਨਲ ਦੇ ਸਾਬਕਾ ਪ੍ਰਧਾਨ ਹਰਮਨ ਪਿਆਰੇ ਸ੍ਰੀ ਵਿਮਲ ਗਾਂਧੀ 24 ਮਈ ਨੂੰ ਸਵਰਗਵਾਸ ਹੋ ਗਏ ਹਨ। ਆਪ ਅੰਮ੍ਰਿਤਸਰ ਵਿਚ 1970 ਤੋਂ ਪ੍ਰੈਕਟਿਸ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਨਕਮ ਟੈਕਸ ਐਪੀਲੇਟ ਟਰੀਬਿਊਨਲ ਚੰਡੀਗੜ੍ਹ ਵਿਚ ਕਾਰਜ ਭਾਰ 16.9.1985 ਨੂੰ ਸੰਭਾਲਿਆ। ਟਰੀਬਿਊਨਲ ਦੇ ਉਪ ਪ੍ਰਧਾਨ ਬਣ ਜਾਣ ਉਪ੍ਰੰਤ ਆਪ 6.8.1997 ਤੋਂ 30.12.2003 ਤਕ ਵੱਖ ਵੱਖ ਸਥਾਨਾਂ ਤੇ ਸੇਵਾ ਨਿਭਾਉਂਦੇ ਰਹੇ। ਆਪ 21.10.2003 ਤੋਂ 3.6.2010 ਤਕ ਇਨਕਮ ਟੈਕਸ ਐਪੀਲੇਟ ਟਰੀਬਿਊਨਲ ਦੇ ਪ੍ਰਧਾਨ ਰਹੇ। ਕਾਨੂੰਨੀ ਮੁਹਾਰਤ ਦੇ ਨਾਲ ਨਾਲ, ਆਪ ਨੂੰ ਪ੍ਰਬੰਧਕੀ ਕੁਸ਼ਲਤਾ ਉਤੇ ਵੀ ਕਮਾਲ ਦੀ ਪਕੜ ਹਾਸਲ ਸੀ। ਉਨ੍ਹਾਂ ਦੇ ਟਰੀਬਿਊਨਲ ਦੇ ਪ੍ਰਧਾਨਗੀ ਸਮੇਂ ਅੰਦਰ ਲੰਬਿਤ ਕੇਸਾਂ ਦੀ ਗਿਣਤੀ 1,80,660 ਤੋਂ ਘੱਟ ਕੇ 1.4.2010 ਤਕ ਕੇਵਲ 47000 ਰਹਿ ਗਈ। ਆਪ ਨੇ ਟਰੀਬਿਊਨਲ ਦੀ ਪ੍ਰਤੀਨਿਧਤਾ ਕਈ ਰਾਸ਼ਟਰੀ ਤੇ ਅੰਤਰ-ਰਾਸ਼ਟਰੀ



ਮੰਚਾਂ 'ਤੇ ਵੀ ਕੀਤੀ ਜਿਨ੍ਹਾਂ ਵਿਚ ਸੰਯੁਕਤ ਰਾਸ਼ਟਰ (ਯੂ ਐਨ ਓ) ਵੀ ਸ਼ਾਮਲ ਹੈ। ਸਵਰਗੀ ਸ੍ਰੀ ਗਾਂਧੀ ਅਪਣੀ ਪਤਨੀ, ਸ੍ਰੀਮਤੀ ਸੁਨੀਤਾ ਗਾਂਧੀ, ਬੇਟੀ ਸ੍ਰੀਮਤੀ ਰਾਧਿਕਾ ਸੂਰੀ ਸੀਨੀਅਰ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਬੇਟਾ ਰਿਤੇਸ਼ ਗਾਂਧੀ, ਯੂ.ਕੇ. ਵਿਚ ਇਨਫ਼ੋਸਿਸ ਦੇ ਬੀ.ਪੀ.ਓ. ਮੁਖੀ ਅਪਣੇ ਪਿੱਛੇ ਛੱਡ ਗਏ ਹਨ।
ਆਪ ਦੇ ਚਲਾਣੇ ਨਾਲ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਚ ਆਪ ਦੇ ਮਿੱਤਰ ਅਤੇ ਰਿਸ਼ਤੇਦਾਰ ਡਾਢੇ ਸਦਮੇ ਵਿਚ ਹਨ।