ਡੈਮੋਕਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੈਮੋਕਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

1

ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ/ਕਸ਼ਮੀਰ ਸਿੰਘ): ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ 21 ਮਈ ਤੋਂ 27 ਮਈ  ਤੱਕ ਮਨਾਏ ਜੇ ਰਹੇ ਰੋਸ ਹਫ਼ਤੇ ਦੌਰਾਨ ਅੱਜ ਜੰਗਲਾਤ ਵਰਕਰਾਂ ਆਸਾ ਬੁੱਟਰ ਨਰਸਰੀ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤਾ।


ਯੂਨੀਅਨ ਦੇ ਮੰਡਲ ਪ੍ਰਧਾਨ ਜਗਸੀਰ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਵਿੱਚ ਕੱਚੇ ਵਰਕਰ ਪਿਛਲੇ 25 ਸਾਲਾਂ ਤੋਂ ਦਿਹਾੜੀਦਾਰ ਵਰਕਰਾਂ ਦੇ ਤੌਰ ਤੇ ਕੰਮ ਕਰ ਰਹੇ ਹਨ ਅਤੇ ਵਾਰ ਵਾਰ ਲਾਰੇ ਲਾਉਣ ਦੇ ਬਾਵਜ਼ੂਦ ਵੀ ਪੰਜਾਬ ਸਰਕਾਰ ਵੱਲੋਂ ਉਹਨਾ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਸਗੋਂ ਕਰੋਨਾ ਦੀ ਆੜ ਹੇਠ ਪੰਜਾਬ ਸਰਕਾਰ ਵੱਲੋਂ ਮਜ਼ਦੂਰ ਵਿਰੋਧੀ ਫੈਸਲੇ ਲਏ ਜਾ ਰਹੇ ਹਨ, ਕਿਰਤ ਵਿਭਾਗ ਵੱਲੋਂ 1 ਮਾਰਚ 2020 ਤੋਂ ਪੰਜਾਬ ਦੇ ਕਿਰਤੀਆਂ ਦੀ ਉਜ਼ਰਤਾਂ ਵਿੱਚ ਵਾਧੇ ਦਾ ਜਾਰੀ ਕੀਤਾ ਗਿਆ ਪੱਤਰ ਪੰਜਾਬ ਸਰਕਾਰ ਵੱਲੋਂ ਮਿਤੀ 8ਮਈ 2020 ਨੂੰ ਵਾਪਸ ਲੈ ਲਿਆ ਗਿਆ ਹੈ ਅਤੇ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਬਾਰੇ ਸਕੀਮਾਂ ਘੜੀਆਂ ਜਾ ਰਹੀਆਂ ਹਨ, ਜਿਸ ਨੂੰ ਜੰਗਲਾਤ ਕਾਮੇ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਉਹਨਾ ਕਿਹਾ ਕਿ ਪੰਜਾਬ ਸਰਕਾਰ ਨੇ ਜੰਗਲਾਤ ਦੇ ਗ਼ਰੀਬ ਵਰਕਰ ਨੂੰ ਪਿਛਲੇ 2 ਮਹੀਨੇ ਤੋਂ ਤਨਖਾਹ ਵੀ ਨਹੀਂ ਦਿੱਤੀ।


ਜੰਗਲਾਤ ਵਰਕਰਾਂ ਨੇ ਮੰਗ ਕੀਤੀ ਕਿ 3 ਦਸੰਬਰ 2019 ਤੱਕ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਸਾਰੇ ਜੰਗਲਾਤ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਕਿਰਤ ਕਮਿਸ਼ਨਰ ਪੰਜਾਬ ਵੱਲੋਂ 1 ਮਾਰਚ 2020 ਤੋਂ ਵਰਕਰਾਂ ਦੀਆ ਘੱਟੋ ਘੱਟ ਉਜ਼ਰਤਾਂ ਵਿੱਚ ਕੀਤੇ ਗਏ ਵਾਧੇ ਦੇ ਪੱਤਰ ਨੂੰ ਤੁਰੰਤ ਲਾਗੂ ਕੀਤਾ ਜਾਵੇ। ਕਿਰਤ ਕਾਨੂੰਨਾਂ ਵਿੱਚ  ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਨੂੰ ਰੱਦ ਕਰਕੇ ਹਰੇਕ ਮਜ਼ਦੂਰ ਦੀ ਘੱਟੋ ਘੱਟ ਤਨਖਾਹ 18 ਹਜਾਰ ਰੁਪਏ ਫਿਕਸ ਕੀਤੀ ਜਾਵੇ। ਮਜ਼ਦੂਰਾਂ ਪਾਸੋਂ ਕਿਸੇ ਵੀ ਸੂਰਤ ਵਿੱਚ 8 ਘੰਟੇ ਤੋਂ ਵੱਧ ਕੰਮ ਨਾ ਲਿਆ ਜਾਵੇ। ਜੰਗਲਾਤ ਵਿਭਾਗ ਵੱਲੋਂ ਸਭ ਕੰਮਾਂ ਦੇ ਬਜਟ ਜਾਰੀ ਕੀਤੇ ਜਾਣ ਅਤੇ ਵਰਕਰਾਂ ਤੋਂ ਮਨਰੇਗਾ ਰਾਹੀਂ ਕੰਮ ਨਾ ਕਰਵਾਏ ਜਾਣ। ਇਸ ਪ੍ਰਦਰਸ਼ਨ ਵਿੱਚ ਗੁਰਮੇਲ ਸਿੰਘ, ਛਿੰਦਾ ਸਿੰਘ, ਸੇਵਕ ਸਿੰਘ, ਤ੍ਰਿਲੋਕ ਸਿੰਘ, ਬਲਦੇਵ ਸਿੰਘ, ਜੱਸਾ ਸਿੰਘ, ਅੰਗਰੇਜ਼ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ ਆਦਿ ਨੇ ਹਿੱਸਾ ਲਿਆ।