ਡਾਕ ਵਿਭਾਗ ਘਰੋ-ਘਰੀ ਪਹੁੰਚਾਏਗਾ ਸ਼ਾਹੀ-ਲੀਚੀ ਤੇ ਜ਼ਰਦਾਲੂ-ਅੰਬ
ਭਾਰਤ ਸਰਕਾਰ ਦੇ ਡਾਕ ਵਿਭਾਗ ਅਤੇ ਬਿਹਾਰ ਸਰਕਾਰ ਦੇ ਬਾਗ਼ਬਾਨੀ ਵਿਭਾਗ ਨੇ ਲੋਕਾਂ ਨੂੰ ਦਰਵਾਜ਼ਿਆਂ ਤਕ ‘ਸ਼ਾਹੀ ਲੀਚੀ’ ਅਤੇ
ਪਟਨਾ ਸਾਹਿਬ, 25 ਮਈ : ਭਾਰਤ ਸਰਕਾਰ ਦੇ ਡਾਕ ਵਿਭਾਗ ਅਤੇ ਬਿਹਾਰ ਸਰਕਾਰ ਦੇ ਬਾਗ਼ਬਾਨੀ ਵਿਭਾਗ ਨੇ ਲੋਕਾਂ ਨੂੰ ਦਰਵਾਜ਼ਿਆਂ ਤਕ ‘ਸ਼ਾਹੀ ਲੀਚੀ’ ਅਤੇ ‘ਜ਼ਰਦਾਲੂ ਅੰਬ’ ਦੀ ਸਪਲਾਈ ਕਰਨ ਦੇ ਲਈ ਹੱਥ ਮਿਲਾਏ ਹਨ। ਬਿਹਾਰ ਪੋਸਟਲ ਸਰਕਲ ਨੇ ਬਿਹਾਰ ਸਰਕਾਰ ਦੇ ਬਾਗ਼ਬਾਨੀ ਵਿਭਾਗ ਦੇ ਨਾਲ ਮੁਜ਼ੱਫ਼ਰਪੁਰ ਤੋਂ ‘ਸ਼ਾਹੀ ਲੀਚੀ’ ਅਤੇ ਭਾਗਲਪੁਰ ਤੋਂ ‘ਜ਼ਰਦਾਲੂ ਅੰਬ’ ਦੀ ਲੌਜਿਸਟਿਕਸ ਕਰਨ ਅਤੇ ਇਨ੍ਹਾਂ ਨੂੰ ਲੋਕਾਂ ਦੇ ਦਰਵਾਜ਼ਿਆਂ ਤਕ ਪਹੁੰਚਾਉਣ ਲਈ ਇਕ ਕਰਾਰ ਕੀਤਾ ਹੈ।
ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਤਾਲਾਬੰਦੀ ਦੌਰਾਨ ਲੀਚੀ ਅਤੇ ਅੰਬ ਦੇ ਕਾਸ਼ਤਕਾਰਾਂ ਨੂੰ ਆਪਣੇ ਫਲਾਂ ਨੂੰ ਵੇਚਣ ਦੇ ਲਈ ਮੰਡੀ ਤਕ ਲਿਜਾਣ/ਆਵਾਜਾਈ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਵਿਚ ਇਸ ਦੀ ਸਪਲਾਈ ਇਕ ਵੱਡੀ ਚੁਣੌਤੀ ਬਣ ਗਈ ਹੈ ਅਤੇ ਇਸ ਲਈ ਆਮ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਫਲ ਵੇਚਣ ਦੇ ਲਈ ਬਿਨਾਂ ਕਿਸੇ ਵਿਚੋਲੇ ਦੇ ਸਿੱਧੇ ਤੌਰ ’ਤੇ ਉਨ੍ਹਾਂ ਦੀ ਅਪਣੀ ਮੰਡੀ ਉਪਲਬਧ ਕਰਾਉਣ ਦੇ ਲਈ ਬਿਹਾਰ ਸਰਕਾਰ ਦੇ ਬਾਗ਼ਬਾਨੀ ਵਿਭਾਗ ਅਤੇ ਭਾਰਤ ਸਰਕਾਰ ਦੇ ਡਾਕ ਵਿਭਾਗ ਨੇ ਇਸ ਪਹਿਲ ਦੇ ਲਈ ਹੱਥ ਮਿਲਾਇਆ ਹੈ।
ਜ਼ਿਕਰਯੋਗ ਹੈ ਕਿ ਮੁਜ਼ੱਫ਼ਰਪੁਰ (ਬਿਹਾਰ) ਦੀ ‘ਸ਼ਾਹੀ ਲੀਚੀ’ ਅਤੇ ਭਾਗਲਪੁਰ (ਬਿਹਾਰ) ਦਾ ‘ਜ਼ਰਦਾਲੂ ਅੰਬ’ ਅਪਣੇ ਅਨੋਖੇ ਸਵਾਦ ਅਤੇ ਹਰ ਜਗ੍ਹਾ ਮੰਗ ਦੇ ਕਾਰਨ ਦੁਨੀਆਂ ਭਰ ਵਿਚ ਮਸ਼ਹੂਰ ਹੈ। ਸ਼ੁਰੂ ਵਿਚ ਇਹ ਸਹੂਲਤ ‘ਸ਼ਾਹੀ ਲੀਚੀ’ ਲਈ ਮੁਜ਼ੱਫ਼ਰਪੁਰ ਅਤੇ ਪਟਨਾ ਦੇ ਲੋਕਾਂ ਨੂੰ ਅਤੇ ‘ਜ਼ਰਦਾਲੂ ਅੰਬ’ ਲਈ ਪਟਨਾ ਅਤੇ ਭਾਗਲਪੁਰ ਦੇ ਲੋਕਾਂ ਨੂੰ ਉਪਲਬਧ ਹੋਵੇਗੀ। ਲੀਚੀ ਦੀ ਬੁਕਿੰਗ ਘਟੋ-ਘੱਟ 2 ਕਿਲੋਗ੍ਰਾਮ ਅਤੇ ਅੰਬ ਦੀ ਬੁਕਿੰਗ ਘਟੋ-ਘੱਟ 5 ਕਿਲੋਗ੍ਰਾਮ ਤਕ ਲਈ ਹੋਵੇਗੀ।
(ਏਜੰਸੀ)