ਸਰਕਾਰ ਝੋਨਾ ਬੀਜ ਘਪਲੇ ਦੀ ਜਾਂਚ ਤੋਂ ਕਿਉਂ ਭੱਜ ਰਹੀ ਹੈ : ਲੱਖੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਝੋਨਾ ਬੀਜ ਘਪਲੇ ਦੀ ਜਾਂਚ ਤੋਂ ਕਿਉਂ ਭੱਜ ਰਹੀ ਹੈ : ਲੱਖੋਵਾਲ

1

ਲੁਧਿਆਣਾ, 26 ਮਈ (ਆਰ ਪੀ ਸਿੰਘ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰਜਿ: 283 ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਅੰਦਰ ਝੋਨੇ ਦੀ ਪੀ.ਆਰ 128 ਅਤੇ ਪੀ.ਆਰ 129 ਕਿਸਮ ਦੀ ਵਿਕਰੀ ਤੇ ਹੋਏ ਕਰੋੜਾਂ ਰੁਪਏ ਦੇ ਘਪਲੇ ਤੇ ਸਰਕਾਰ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਿਸਾਨਾਂ ਦੀ ਵੱਡੀ ਲੁੱਟ ਹੋਈ ਹੈ। ਪੀ.ਆਰ 128 ਲੁਧਿਆਣਾ ਯੂਨੀਵਰਸਟੀ ਵਲੋਂ ਸਿਰਫ਼ 250 ਕੁਇੰਟਲ ਅਤੇ ਪੀ.ਆਰ 129 ਕਿਸਮ 3000 ਕੁਇੰਟਲ ਹੀ 70 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਿਆ ਗਿਆ ਪਰ ਪ੍ਰਾਈਵੇਟ ਦੁਕਾਨਾਂ, ਫਰਮਾਂ ਨੇ ਪਤਾ ਨਹੀਂ ਕਿਹੜਾ ਬੀਜ ਜਿਸ ਨੂੰ ਪੀ.ਆਰ 128 ਅਤੇ ਪੀ.ਆਰ 129 ਦਸ ਕੇ ਹਜ਼ਾਰਾਂ ਕੁਇੰਟਲ ਬੀਜ ਕਿਸਾਨਾਂ ਨੂੰ 200-250 ਰੁ: ਕਿਲੋ ਵੇਚ ਦਿੱਤਾ ਗਿਆ, ਜਿਹੜੀ ਕਿ ਕਿਸਾਨਾਂ ਨਾਲ ਇਕ ਬਹੁਤ ਵੱਡੀ ਠੱਗੀ ਅਤੇ ਧੋਖਾ ਹੈ। ਪਰ ਖੇਤੀਬਾੜੀ ਮਹਿਕਮੇ ਨੇ ਦੋ ਥਾਵਾਂ 'ਤੇ ਸਿਰਫ਼ 2 ਦੁਕਾਨਾਂ ਨੂੰ ਫੜ ਕੇ ਇਨ੍ਹਾਂ ਤੋਂ ਹਜ਼ਾਰਾਂ ਕੁਇੰਟਲ ਬੀਜ ਵੀ ਫੜਿਆ ਹੈ ਪਰ ਬਾਕੀ ਸਂੈਕੜੇ ਦੁਕਾਨਾਂ ਜਾਂ ਫਰਮਾਂ ਨੂੰ ਨਹੀਂ ਫੜਿਆ ਗਿਆ ਅਤੇ ਨਾ ਹੀ ਕੋਈ ਜਾਂਚ ਕੀਤੀ ਹੈ ਕਿ ਇਹ ਹਜ਼ਾਰਾਂ ਕੁਇੰਟਲ ਬੀਜ ਕਿਥੋਂ ਆਇਆ ਅਤੇ ਕਿਥੇ ਪੈਦਾ ਕੀਤਾ ਗਿਆ, ਇਸ ਦੀ ਜਾਂਚ ਵੀ ਨਹੀਂ ਕੀਤੀ ਜਾ ਰਹੀ ਕਿਉਂਕਿ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਘਪਲੇ ਵਿਚ ਰਾਜਨੇਤਾ ਅਤੇ ਅਫ਼ਸਰਾਂ ਦਾ ਹੱਥ ਹੈ।


ਲੱਖੋਵਾਲ ਨੇ ਦਸਿਆ ਕਿ ਇਸੇ ਤਰ੍ਹਾਂ ਅਸੀ 2017-18 ਵਿਚ ਵੀ 212 ਕਿਸਮ ਦਾ ਬੀਜ ਬਠਿੰਡੇ ਤੋਂ ਫੜਿਆ ਸੀ ਅਤੇ ਮੁੱਖ ਮੰਤਰੀ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਉਸ 'ਤੇ ਵੀ ਛੋਟਾ ਜਿਹਾ ਕੇਸ ਬਣਾ ਕੇ ਛੱਡ ਦਿਤਾ ਸੀ ਕਿਉਂਕਿ 212 ਕਿਸਮ ਦਾ ਬੀਜ ਪ੍ਰਮਾਣਤ ਨਹੀਂ ਸੀ। ਲੱਖੋਵਾਲ ਨੇ ਕਿਹਾ ਕਿ ਇਸੇ ਤਰ੍ਹਾਂ ਅਸੀ ਬਹੁਤ ਵਾਰੀ ਨਕਲੀ ਕੀੜੇਮਾਰ ਦਵਾਈਆਂ ਵੀ ਫੜੀਆਂ ਸਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਸੀ ਗੰਨੇ ਦੀ ਦਵਾਈ ਕਰੋਜ਼ਾਨ ਵੀ ਫੜੀ ਸੀ ਪਰ ਇਹ ਡੀਲਰ ਮਹਿਕਮੇ  ਦੇ ਅਫ਼ਸਰਾਂ ਨਾਲ ਮਿਲ ਕੇ ਛੁਟ ਜਾਦੇ ਹਨ ਅਤੇ ਇਨ੍ਹਾਂ ਕੋਲ ਦਵਾਈਆਂ ਅਤੇ ਬੀਜ ਵੇਚਣ ਦੇ ਕਈ-ਕਈ ਲਾਇਸਂੈਸ ਹੁੰਦੇ ਹਨ ਅਤੇ ਦੂਸਰੇ ਦਿਨ ਹੀ ਕਿਸੇ ਹੋਰ ਲਾਇਸਂੈਸ 'ਤੇ ਅਪਣਾ ਕੰਮ ਚਲਾ ਲੈਂਦੇ ਹਨ ਅਤੇ ਚਿੱਟੇ ਦਿਨ ਕਿਸਾਨਾਂ ਦੀ ਲੁੱਟ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਾਰ ਤੋਂ ਮੰਗ ਕਰਦੀ ਹੈ ਕਿ 15 ਦਿਨਾਂ ਵਿਚ ਇਸ ਸਕੈਂਡਲ ਦੀ ਜਾਂਚ ਕਰ ਕੇ ਦੋਸ਼ੀਆਂ ਨੂੰ ਸਜਾਵਾਂ ਦਿਤੀਆਂ ਜਾਣ ਅਤੇ ਅੱਗੇ ਤੋਂ ਅਜਿਹੇ ਕੰਮ ਕਰਨ ਵਾਲਿਆਂ ਸਖ਼ਤ ਕਾਰਵਾਈ ਕੀਤੀ ਜਾਵੇ।