ਬਠਿੰਡਾ: ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ 'ਚ ਬਣੇਗਾ 100 ਬੈੱਡਾਂ ਦਾ ਕੋਵਿਡ ਮੇਕ ਸ਼ਿਫਟ ਹਸਪਤਾਲ

ਏਜੰਸੀ

ਖ਼ਬਰਾਂ, ਪੰਜਾਬ

ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਰਿਫ਼ਾਈਨਰੀ ਵਿਖੇ ਬਣ ਰਹੇ ਕੋਵਿਡ ਮੇਕ ਸਿਫ਼ਟ ਕੋਰੋਨਾ ਹਸਪਤਾਲ ਦਾ ਦੌਰਾ ਕਰਨ ਮੌਕੇ ਦਿੱਤੀ।

Bathinda: Guru Gobind Singh Refinery To Build 100 Bed Covid Make Shift Hospital

ਬਠਿੰਡਾ : ਕੋਰੋਨਾ ਮਹਾਮਾਰੀ ਦੀ ਇਸ ਜੰਗ ਵਿਚ ਜਿੱਥੇ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਸਮਾਜ ਸੇਵੀ, ਧਾਰਮਿਕ ਅਤੇ ਉਦਯੋਗਿਕ ਅਦਾਰਿਆਂ ਵੱਲੋਂ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।

ਇਸੇ ਲੜੀ ਤਹਿਤ ਜ਼ਿਲ੍ਹੇ ’ਚ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਵਿਖੇ 100 ਬੈੱਡਾਂ ਦਾ ਕੋਵਿਡ ਮੇਕ ਸ਼ਿਫਟ ਕੋਰੋਨਾ ਹਸਪਤਾਲ ਬਣਾਇਆ ਜਾ ਰਿਹਾ ਹੈ। ਇਹ ਹਸਪਤਾਲ ਜੂਨ ਦੇ ਪਹਿਲੇ ਹਫ਼ਤੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਰਿਫ਼ਾਈਨਰੀ ਵਿਖੇ ਬਣ ਰਹੇ ਕੋਵਿਡ ਮੇਕ ਸਿਫ਼ਟ ਕੋਰੋਨਾ ਹਸਪਤਾਲ ਦਾ ਦੌਰਾ ਕਰਨ ਮੌਕੇ ਦਿੱਤੀ।

ਇਸ ਮੌਕੇ ਉਨ੍ਹਾਂ ਨੇ ਕੋਰੋਨਾ ਸ਼ਿਫਟ ਹਸਪਤਾਲ ਨੂੰ ਜੰਗੀ ਪੱਧਰ ’ਤੇ ਤਿਆਰ ਕਰਨ ਲੱਗੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਹਸਪਤਾਲ ਦੇ ਕਾਰਜਾਂ ਨੂੰ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਇਸ ਨੂੰ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਵਰਤਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਿਫ਼ਾਈਨਰੀ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਇਸ ਕੋਵਿਡ ਮੇਕ ਸਿਫ਼ਟ ਕੋਰੋਨਾ ਹਸਪਤਾਲ ਵਿਚ ਹਾਲ ਦੀ ਘੜੀ ਲੈਵਲ 2 ਦੇ 100 ਬੈੱਡਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ

ਜਦਕਿ ਭਵਿੱਖ ਵਿਚ ਕੋਵਿਡ ਮਰੀਜ਼ਾਂ ਦੀ ਸਥਿਤੀ ਦੇ ਮੱਦੇਨਜ਼ਰ ਇਸ ਨੂੰ 200 ਬੈੱਡਾਂ ਤਕ ਕੀਤਾ ਜਾਵੇਗਾ। ਇਸ ਮੌਕੇ ਸਿਖਲਾਈ ਅਧੀਨ ਆਈ. ਏ. ਐੱਸ. ਅਧਿਕਾਰੀ ਨਿਕਾਸ ਕੁਮਾਰ, ਕੋਰੋਨਾ ਸੈੱਲ ਦੇ ਜ਼ਿਲ੍ਹਾ ਇੰਚਾਰਜ ਮਨਪ੍ਰੀਤ ਸਿੰਘ ਅਰਸ਼ੀ, ਕਾਰਜਕਾਰੀ ਇੰਜੀਨੀਅਰ ਅਮੁਲਿਆ ਗਰਗ, ਕਾਰਜਕਾਰੀ ਇੰਜੀਨੀਅਰ ਬੀ. ਐਂਡ. ਆਰ. ਇਲੈਕਟ੍ਰੀਕਲ ਬਿਜਲੀ ਮੰਡਲ ਜਤਿੰਦਰ ਅਤੇ ਰਿਫਾਈਨਰੀ ਦੇ ਏ. ਜੀ. ਐੱਮ. ਚਰਨਜੀਤ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।