ਅਕਾਲ ਤਖ਼ਤ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਦੀ ਸਿਹਤ ਹੋਈ ਖ਼ਰਾਬ
ਕਰੋਨਾ ਰੀਪੋਰਟ ਆਈ ਨੈਗੇਟਿਵ
ਅੰਮ੍ਰਿਤਸਰ/ਟਾਂਗਰਾ, (ਸੁਰਜੀਤ ਸਿੰਘ ਖ਼ਾਲਸਾ): ਅਕਾਲ ਤਖ਼ਤ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਦੀ ਸਿਹਤ ਖ਼ਰਾਬ ਹੋਣ ਬਾਰੇ ਪਤਾ ਲੱਗਾ ਹੈ। ਜਿਥੇ ਮਾਹਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਉਨ੍ਹਾਂ ਦੇ ਸਪੁੱਤਰ ਭਾਈ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਗਿਆਨੀ ਭਗਵਾਨ ਸਿੰਘ ਪਿਛਲੇ ਕੁੱਝ ਦਿਨ ਤੋਂ ਬੀਮਾਰ ਚਲ ਰਹੇ ਸਨ।
ਬੀਤੀ ਰਾਤ ਤੋਂ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਚਾਟੀਵਿੰਡ ਗੇਟ ਲਿਆਂਦਾ ਗਿਆ। ਡਾਕਟਰਾਂ ਵਲੋਂ ਉਨ੍ਹਾਂ ਦੇ ਮੁਢਲੇ ਟੈਸਟ ਕਰਵਾਏ ਗਏ ਜਿਨ੍ਹਾਂ ਵਿਚ ਕਰੋਨਾ ਟੈਸਟ ਵੀ ਸ਼ਾਮਲ ਸੀ। ਕਰੋਨਾ ਦੀ ਰੀਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਵਿਗੜ ਰਹੀ ਸਿਹਤ ਨੂੰ ਧਿਆਨ ਵਿਚ ਰਖਦਿਆਂ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲਾ ਵਿਖੇ ਤਬਦੀਲ ਕਰ ਦਿਤਾ ਗਿਆ।
ਭਗਵਾਨ ਸਿੰਘ ਦੀ ਵਿਗੜਦੀ ਸਿਹਤ ਦਾ ਪਤਾ ਲਗਦੇ ਸਾਰ ਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਿਜੀ ਸਹਾਇਕ ਸ. ਅਮਰੀਕ ਸਿੰਘ ਲਤੀਫ਼ਪੁਰ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕਰਨ ਲਈ ਆਦੇਸ਼ ਜਾਰੀ ਕੀਤੇ ਤੇ ਭਗਵਾਨ ਸਿੰਘ ਦੇ ਇਲਾਜ ਵਿਚ ਕਿਸੇ ਕਿਸਮ ਦੀ ਕਮੀ ਨਾ ਆਵੇ, ਇਸ ਦੀ ਹਦਾਇਤ ਕੀਤੀ। ਦਸਿਆ ਜਾ ਰਿਹਾ ਹੈ ਕਿ ਭਗਵਾਨ ਸਿੰਘ ਦੀ ਹਾਲਤ ਕਾਫ਼ੀ ਗੰਭੀਰ ਹੈ।