ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਪੰਜਾਬ ਵਿੱਚ ਕਿਸਾਨਾਂ ਨੇ ਬਣਾਏ ਪੱਕੇ ਸ਼ੈੱਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਨੂੰਨ ਰੱਦ ਕਰਵਾਏ ਬਿਨ੍ਹਾਂ ਨਹੀਂ ਹਟਣਗੇ ਪਿੱਛੇ

Permanent sheds built by farmers in Punjab

 ਸੰਗਰੂਰ (ਲਖਵੀਰ ਸਿੰਘ) ਕੇਂਦਰ ਸਰਕਾਰ ਵੱਲੋ ਬਣਾਏ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਨੂੰ 6 ਮਹੀਨੇ  ਹੋ ਗਏ ਹਨ। ਜਿੱਥੇ ਅੱਜ ਪੂਰੇ ਪੰਜਾਬ ਦੇ ਕਿਸਾਨਾਂ ਵੱਲੋਂ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ , ਉੱਥੇ ਹੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਲੱਡਾ ਟੋਲ ਪਲਾਜ਼ਾ ਤੇ ਕਿਸਾਨਾਂ ਨੇ ਪੱਕਾ ਲੋਹੇ ਦਾ ਸ਼ੈੱਡ ਬਣਾ ਲਿਆ।

ਇਸ ਮੌਕੇ ਕਿਸਾਨ ਆਗੂਆਂ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਕੇਂਦਰ ਦੀ ਮੋਦੀ ਸਰਕਾਰ ਨੂੰ ਦੇਖਦਿਆਂ ਨੂੰ 6 ਮਹੀਨੇ  ਹੋ ਗਏ ਕਿ ਇਹ ਕਾਲੇ ਕਾਨੂੰਨ ਵਾਪਸ ਲੈਣਗੇ ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਪੱਕੇ ਮੋਰਚੇ  ਲਗਾਏ ਗਏ ਹਨ।

ਉਥੇ ਹੀ ਹੁਣ ਪੰਜਾਬ ਦੇ ਟੋਲ ਪਲਾਜ਼ਿਆਂ ਤੇ ਵੀ ਸਾਡੇ ਕਿਸਾਨਾਂ ਵੱਲੋਂ  ਪੱਕੇ ਲੋਹੇ ਦੇ ਸ਼ੈੱਡ ਬਣਾਏ ਜਾ ਰਹੇ ਹਨ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਟੋਲ ਪਲਾਜ਼ੇ ਤੇ ਪੱਕੇ ਮੋਰਚੇ ਲਾਏ ਹੋਏ ਹਨ ਅਤੇ ਕਿਸੇ ਵੀ ਰਾਹਗੀਰ  ਤੋਂ ਟੋਲ ਪਲਾਜ਼ਾ ਪ੍ਰਬੰਧਕਾਂ ਨੂੰ ਟੋਲ ਨਹੀਂ ਵਸੂਲਣ ਨਹੀਂ ਦਵਾਂਗੇ।

ਇਨ੍ਹਾਂ ਟੋਲ ਪਲਾਜ਼ਿਆਂ ਤੇ ਅਸੀਂ ਹੁਣ ਆਪਣੇ ਪੱਕੇ ਮਕਾਨ ਬਣਾ ਰਹੇ ਹਾਂ ਚਾਹੇ ਹੁਣ ਸਾਨੂੰ ਕਿੰਨੇ ਮਰਜ਼ੀ ਸਾਲ ਸੜਕਾਂ ਤੇ ਜਾਂ ਦਿੱਲੀ ਵਿੱਚ ਰਹਿਣੇ ਪੈਣ ਅਸੀਂ ਰਹਿਣ ਨੂੰ ਬਿਲਕੁਲ ਤਿਆਰ ਹਾਂ। ਕਿਸਾਨਾਂ ਵੱਲੋਂ ਟੋਲ ਪਲਾਜ਼ਿਆਂ ਤੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਾਲੇ ਕਾਨੂੰਨ ਰੱਦ ਕਰਨ ਕਿਹਾ।