ਪੰਜਾਬ ਦੇ ਦਿਹਾਤੀ ਖੇਤਰ ਵਿਚ ਬਣਾਏ ਜਾਣਗੇ ਆਈ:ਟੀ ਸਕਿੱਲ ਸੈਂਟਰ- ਕੁਲਦੀਪ ਧਾਲੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੇਂਡੂ ਖੇਤਰਾਂ ਵਿੱਚ ਸਸਤਾ ਇੰਟਰਨੈਟ ਮੁਹੱਈਆ ਕਰਵਾਉਣ ਦੇ ਕਰਾਂਗੇ ਯਤਨ

Kuldeep Dhaliwal

 

ਅੰਮ੍ਰਿਤਸਰ: ਪੰਜਾਬ ਸਰਕਾਰ ਰਾਜ ਦੇ ਦਿਹਾਤੀ ਖੇਤਰਾਂ ਵਿੱਚ ਆਈ:ਟੀ ਸਕਿੱਲ ਸੈਂਟਰ ਸਥਾਪਤ ਕਰੇਗੀ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਨੂੰ ਜਾਣ ਤੋਂ ਰੋਕਿਆ ਜਾ ਸਕੇ ਅਤੇ ਇਥੇ ਹੀ ਰਹਿ ਕੇ ਵਿਦੇਸ਼ੀ ਫਰਮਾਂ ਦਾ ਕੰਮਕਾਜ ਕਰ ਸਕਣ। ਇਸ ਲਈ ਜ਼ਰੂਰੀ ਹੈ ਕਿ ਪਿੰਡਾਂ ਵਿੱਚ ਆਈ:ਟੀ ਸੈਕਟਰਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਇਸ ਦੇ ਨਾਲ ਨਾਲ ਹੀ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮੁੜ ਸੁਰਜੀਤ ਕੀਤਾ ਜਾਵੇ।

 

 

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਨੇ ਅੱਜ ਟਾਂਗਰਾ ਵਿਖੇ ਸਥਿਤ ਆਈ ਟੀ ਕੰਪਨੀ ਸਿੰਬਾ ਕਾਰਟ ਦਾ ਦੌਰਾ ਕਰਨ ਉਪਰੰਤ ਕੀਤਾ। ਧਾਲੀਵਾਲ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਾਂਗਰਾ ਵਾਸੀ ਮਨਦੀਪ ਕੌਰ ਨੇ ਇਕ ਦਲੇਰਾਨਾ ਕਦਮ ਚੁੱਕਿਆ ਹੈ ਅਤੇ ਇਸ ਕਸਬੇ ਵਿੱਚ ਹੀ ਆਈ:ਟੀ ਸੈਲ ਵਿਕਸਤ ਕਰਕੇ ਪਿੰਡ ਦੇ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਵਿੱਚੋਂ ਨੌਜਵਾਨ ਬਾਹਰਲੇ ਦੇਸ਼ਾਂ ਨੂੰ  ਜਾ ਰਹੇ ਹਨ ਅਤੇ ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਲਈ ਇਥੇ ਹੀ ਰੁਜਗਾਰ ਦੇ ਸਾਧਨ ਮੁਹੱਈਆ ਕਰਵਾਈਏ। ਉਨ੍ਹਾਂ ਕਿਹਾ ਕਿ ਇਸ ਧੀ ਮਨਦੀਪ ਕੌਰ ਨੇ ਦਿਹਾਤੀ ਖੇਤਰ ਵਿੱਚ ਜਿਹੜਾ ਮਾਡਲ ਲਾਗੂ ਕੀਤਾ ਹੈ, ਉਸ ਮਾਡਲ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਾਂਗੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਤਕਨਾਲੋਜੀ ਦਾ ਹਾਣੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਪੇਂਡੂ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ।

 

 ਧਾਲੀਵਾਲ ਨੇ ਆਪਣੇ ਵਿਭਾਗ ਦੀ ਗੱਲ ਕਰਦਿਆਂ ਕਿਹਾ ਕਿ  ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਨਵੇਂ ਭਰਤੀ ਕੀਤੇ ਗਏ ਐਸ:ਡੀ:ਓ, ਬੀ:ਡੀ:ਪੀ:ਓ, ਜੇ:ਈਜ਼ ਨੂੰ ਇਸ ਕੇਂਦਰ ਦਾ ਦੌਰਾ ਕਰਵਾਇਆ ਜਾਵੇਗਾ ਤਾਂ ਜੋ ਉਹ ਪੇਂਡੂ ਖੇਤਰ ਵਿੱਚ ਇਸ ਤਰ੍ਹਾਂ ਦੇ ਸਕਿੱਲ ਸੈਂਟਰ ਸਥਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਮਨੁੱਖੀ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਹੀ ਹਰੀ ਤੇ ਚਿੱਟੀ ਕ੍ਰਾਂਤੀ ਲੈ ਕੇ ਆਏ ਸੀ ਅਤੇ ਹੁਣ ਵੀ ਪੰਜਾਬ ਦੇ ਨੋਜਵਾਨ ਆਈ:ਟੀ ਖੇਤਰ ਵਿੱਚ ਇਕ ਨਵਾਂ ਇਨਕਲਾਬ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਪੰਜਾਬ ਸਰਕਾਰ ਸਿੰਬਾ ਕਾਰਟਜ਼ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਏਗੀ।

ਧਾਲੀਵਾਲ ਨੇ ਪ੍ਰੈਸ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਖੇਤਰ ਵਿੱਚ ਸਸਤਾ ਇੰਟਰਨੈਟ ਮੁਹੱਈਆ ਕਰਵਾਉਣ ਲਈ ਕੰਪਨੀਆਂ ਨਾਲ ਗੱਲਬਤਾ ਕਰੇਗੀ। ਧਾਲੀਵਾਲ ਨੇ ਪੰਜਾਬ ਦੇ ਐਨ:ਆਰ:ਆਈਜ਼ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਸ਼ੋਸ਼ਲ ਮੀਡੀਆ ਦੇ ਕੰਮ ਤੋਂ ਇਲਾਵਾ ਸਿਖਿਆ ਦੇ ਖੇਤਰ ਵਿੱਚ ਮਦਦ ਕਰਨ ਅਤੇ  ਪੰਜਾਬ ਦੇ ਨੌਜਵਾਨਾਂ ਨੂੰ ਸਿਖਲਾਈ ਦੇਣ ਤਾਂ ਜੋ ਉਹ ਘਰ ਬੈਠੇ ਹੀ ਆਰਥਿਕ ਲਾਹਾ ਪ੍ਰਾਪਤ ਕਰ ਸਕਣ।

ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਉਹ ਅੱਜ ਵਿਸ਼ੇਸ਼ ਤੌਰ ਤੇ ਇਸ ਕੇਂਦਰ ਨੂੰ ਵੇਖਣ ਆਏ ਹਨ ਅਤੇ ਇਹ ਇਕ ਬਹੁਤ ਬਹਾਦਰੀ ਵਾਲੀ ਗੱਲ ਹੈ ਕਿ ਇਕ ਲੜਕੀ ਨੇ ਛੋਟੇ ਜਿਹੇ ਕਸਬੇ ਵਿੱਚ ਆਈ:ਟੀ ਸੈਲ ਸਥਾਪਤ ਕਰਕੇ ਨੌਜਵਾਨਾਂ  ਨੂੰ ਰੁਜਗਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਇਹ ਮਾਡਲ ਅਪਣਾ ਕੇ ਹਰੇਕ ਵਿੱਚ ਪੁੱਜਦਾ ਕਰੇਗਾ ਤਾਂ ਜੋ ਪੇਂਡੂ  ਖੇਤਰ ਦੇ ਨੌਜਵਾਨ ਨੌਕਰੀ ਲੈਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣ ਸਕਣ। ਇਸ ਮੌਕੇ ਮਨਦੀਪ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਤਰੀ ਦੇ ਇਸ ਦੌਰੇ ਨਾਲ ਸਾਡੀ ਟੀਮ ਦਾ ਜੋਸ਼ ਹੋਰ ਵੱਧ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੇ ਨੌਜਵਾਨ ਇਥੇ ਕੰਮ ਸਿੱਖ ਕੇ ਚੰਗੀ ਆਮਦਨ ਲੈ ਸਕਦੇ ਹਨ।

ਇਸ ਮੌਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਭੇਜੀ ਗਈ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਮਨਦੀਪ ਕੌਰ ਨੂੰ ਭੇਂਟ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਜਤਿੰਦਰ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੁੱਧਲ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਪ੍ਰੀਤ ਸਿੰਘ ਗਿੱਲ, ਐਡਵੋਕੇਟ ਰਾਜੀਵ ਮਦਾਨ ਵੀ ਹਾਜਰ ਸਨ।