ਲੋਕ ਨਿਰਮਾਣ ਮੰਤਰੀ ਨੇ 22 ਐਸ.ਡੀ.ਈਜ਼ ਨੂੰ ਸੌਂਪੇ ਨਿਯੁਕਤੀ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵੀਂਆਂ ਨਿਯੁਕਤੀਆਂ ਨਾਲ ਪੀ.ਡਬਲਿਯੂ.ਡੀ. ਵੱਲੋਂ ਉਸਾਰੇ ਜਾਣ ਵਾਲੇ ਵੱਖ-ਵੱਖ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ‘ਚ ਤੇਜ਼ੀ ਆਵੇਗੀ

PWD Minister handed over appointment letters to 22 SDEs

 

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਨੀਤੀ ਤਹਿਤ 22 ਨੌਜਵਾਨਾਂ ਨੂੰ ਲੋਕ ਨਿਰਮਾਣ ਵਿਭਾਗ ‘ਚ ਐਸ.ਡੀ.ਈਜ਼ ਦੀ ਅਸਾਮੀ ਲਈ ਨਿਯੁਕਤੀ ਪੱਤਰ ਸੌਂਪੇ ਗਏ ਹਨ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਨਵ-ਨਿਯੁਕਤ ਐਸ.ਡੀ.ਓਜ਼ ਨੂੰ ਨਿਯੁਕਤੀ ਪੱਤਰ ਸੌਂਪਣ ਮਗਰੋਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂਆਂ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਨਵੀਆਂ ਤਕਨੀਕਾਂ ਨਾਲ ਪੜ੍ਹਾਈ ਕਰਕੇ ਆਏ ਨੇ ਜੋ ਕਿ ਵਿਭਾਗ ਅਤੇ ਸੂਬੇ ਲਈ ਉਸਾਰੂ ਸਿੱਧ ਹੋਣਗੀਆਂ। ਉਨ੍ਹਾਂ ਕਿਹਾ ਕਿ ਨਵੇਂ ਐਸ.ਡੀ.ਈਜ਼ ਦੀ ਭਰਤੀ ਨਾਲ ਪੀ.ਡਬਲਿਯੂ ਵਿਭਾਗ ਦੇ ਕੰਮਾਂ/ ਪ੍ਰਾਜੈਕਟਾਂ ਵਿੱਚ ਹੋਰ ਤੇਜ਼ੀ ਆਵੇਗੀ ਅਤੇ ਵਿਭਾਗੀ ਸਮਰੱਥਾ ‘ਚ ਵਾਧਾ ਹੋਵੇਗਾ। ਉਨ੍ਹਾਂ ਨੇ ਨਵ ਨਿਯੁਕਤ ਐਸ.ਡੀ.ਈਜ਼ ਨੂੰ ਸਰਕਾਰੀ ਸੇਵਾ ਇਮਾਨਦਾਰੀ ਤੇ ਮਿਹਨਤ ਨਾਲ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਨਿਯੁਕਤੀ ਹਾਸਲ ਕਰਨ ਵਾਲੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਨੇ ਸਾਲ 2012 ‘ਚ ਆਪਣੀ ਬਤੌਰ ਈ.ਟੀ.ਓ. ਦੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਪੰਜਾਬ ਭਵਨ ਵਿਖੇ ਹੀ ਪ੍ਰਾਪਤ ਕੀਤਾ ਸੀ।

ਬਿਜਲੀ ਮੰਤਰੀ ਨੇ ਕਿਹਾ ਕਿ ਨਵ ਨਿਯੁਕਤ ਐਸ.ਡੀ.ਈਜ਼ ਨੂੰ ਸਰਕਾਰ ਦੀ ਜ਼ਰੂਰਤ ਅਨੁਸਾਰ ਸਟੇਸ਼ਨ ਅਲਾਟਮੈਂਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਵੇਂ ਐਸ.ਡੀ.ਈਜ਼ ਨੂੰ ਦੋ ਮਹੀਨੇ ਦੀ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਫੀਲਡ ‘ਚ ਜਾ ਕੇ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਵਿਭਾਗ ਦੀ ਕਾਰਜ ਕੁਸ਼ਲਤਾ ‘ਚ ਵਾਧਾ ਹੋਵੇਗਾ।

ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਜਾਇੰਟ ਸਕੱਤਰ  ਚਰਨਦੀਪ ਸਿੰਘ, ਚੀਫ ਇੰਜੀਨੀਅਰ ਸ੍ਰੀ ਅਰੁਣ ਕੁਮਾਰ ਤੋਂ ਇਲਾਵਾ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।