ਗੰਨਾ ਕਿਸਾਨ ਨਹੀਂ ਕਰਨਗੇ ਫਗਵਾੜਾ 'ਚ ਹਾਈਵੇਅ ਜਾਮ, ਅੱਜ ਕਿਸਾਨਾਂ ਦੀ ਵਿੱਤ ਮੰਤਰੀ ਨਾਲ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਮੀਟਿੰਗ ਤੋਂ ਬਾਅਦ ਹੀ ਕਿਸਾਨਾਂ ਵੱਲੋਂ ਲਿਆ ਜਾਵੇਗਾ ਫ਼ੈਸਲਾ

Sugarcane farmer

 

ਬਠਿੰਡਾ - ਗੰਨਾ ਕਿਸਾਨਾਂ ਵੱਲੋਂ ਅੱਜ ਫਗਵਾੜਾ ਵਿੱਚ ਸ਼ੂਗਰ ਮਿੱਲ ਦੇ ਸਾਹਮਣੇ ਹਾਈਵੇਅ ਜਾਮ ਕਰਨ ਦਾ ਲਿਆ ਗਿਆ ਫ਼ੈਸਲਾ ਟਾਲ ਦਿੱਤਾ ਗਿਆ ਹੈ ਕਿਉਂਕਿ ਅੱਜ ਕਿਸਾਨਾਂ ਦੀ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਹੋਵੇਗੀ। ਵਿੱਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਹੀ ਕਿਸਾਨ ਆਪਣਾ ਅਗਲਾ ਫੈਸਲਾ ਲੈਣਗੇ ਕਿ ਪ੍ਰਦਰਸ਼ਨ ਕਰਨਾ ਹੈ ਜਾਂ ਨਹੀਂ। 

 

ਦੋਆਬਾ ਕਿਸਾਨ ਯੂਨੀਅਨ ਦੇ ਸੱਦੇ 'ਤੇ ਪੰਜਾਬ ਦੀਆਂ 16 ਜੱਥੇਬੰਦੀਆਂ ਨੇ ਗੰਨੇ ਦੇ ਪੈਸੇ ਨਾ ਮਿਲਣ ਅਤੇ ਹੋਰ ਮੰਗਾਂ ਨੂੰ ਲੈ ਕੇ ਪਹਿਲੇ ਪੜਾਅ 'ਚ ਚਾਰ ਘੰਟੇ ਹਾਈਵੇਅ ਜਾਮ ਕਰਨ ਦਾ ਫ਼ੈਸਲਾ ਕੀਤਾ ਸੀ। ਜਦੋਂ ਸਰਕਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖ਼ੁਦ ਕਿਸਾਨਾਂ ਨਾਲ ਮੀਟਿੰਗ ਤੈਅ ਕੀਤੀ। ਉਨ੍ਹਾਂ ਕਿਸਾਨਾਂ ਨੂੰ ਪੱਤਰ ਲਿਖ ਕੇ ਸੁਨੇਹਾ ਦਿੱਤਾ ਕਿ ਉਹ ਭਲਕੇ ਜਾਮ ਦਾ ਫੈਸਲਾ ਵਾਪਸ ਲੈਣ। ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਲਈ ਉਹ ਖੁਦ ਜਲੰਧਰ ਆ ਰਹੇ ਹਨ। ਇਸ ਤੋਂ ਬਾਅਦ ਕਿਸਾਨਾਂ ਨੇ ਫਿਲਹਾਲ ਜਾਮ ਲਗਾਉਣ ਦਾ ਫੈਸਲਾ ਟਾਲ ਦਿੱਤਾ ਹੈ। 

ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕਿਸਾਨਾਂ ਦੇ ਗੰਨੇ ਦੇ 900 ਕਰੋੜ ਰੁਪਏ ਬਕਾਇਆ ਹਨ। ਇਹ ਅਦਾਇਗੀਆਂ ਨਾ ਹੋਣ ਕਾਰਨ ਕਿਸਾਨਾਂ ਵਿਚ ਰੋਸ ਹੈ। ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਬੈਂਕਾਂ ਤੋਂ ਲਏ ਕਰਜ਼ਿਆਂ ਦਾ ਵਿਆਜ ਵਧ ਰਿਹਾ ਹੈ।
ਗੰਨੇ ਦੇ ਵਧੇ ਹੋਏ ਭਾਅ ਮਿਲਣ ਤੋਂ ਬਾਅਦ ਵੀ ਪਿਛਲੇ ਬਕਾਏ ਅਜੇ ਤੱਕ ਨਹੀਂ ਮਿਲੇ ਹਨ। ਕਿਸਾਨਾਂ ਨੇ ਕਈ ਵਾਰ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜੇ ਹਨ ਪਰ ਕੋਈ ਸੁਣਵਾਈ ਨਹੀਂ ਕਰ ਰਿਹਾ। ਜੇਕਰ ਗੰਨੇ ਦੇ ਸਾਲਾਂ ਬਾਅਦ ਹੀ ਪੈਸੇ ਮਿਲਣਗੇ ਤਾਂ ਉਨ੍ਹਾਂ ਦਾ ਘਾਟਾ ਕਿਵੇਂ ਪੂਰਾ ਹੋਵੇਗਾ।