ਸਿਰ ਤੋਂ ਉਠਿਆ ਪਿਉ ਦਾ ਸਾਇਆ ਤਾਂ ਸੰਦੀਪ ਬਣੀ ਘਰ ਦਾ ਕਮਾਊ ਪੁੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

BCA ਪਾਸ ਤੇ ਲਾਇਬ੍ਰੇਰੀਅਨ ਦਾ ਕੋਰਸ ਕਰ ਚੁੱਕੀ ਸੰਦੀਪ ਕੌਰ ਕਰਦੀ ਹੈ ਪਟਰੌਲ ਪੰਪ ’ਤੇ ਕੰਮ

Sandeep Kaur

ਬਠਿੰਡਾ (ਸ਼ਿਵਰਾਜ ਸਿੰਘ ਰਾਜੂ): ਬੀ.ਸੀ.ਏ ਦੀ ਪੜ੍ਹਾਈ ਕਰ ਚੁੱਕੀ ਤੇ ਨਾਲ ਲਾਇਬ੍ਰੇਰੀਅਨ ਦਾ ਕੋਰਸ ਪੂਰਾ ਕਰ ਚੁੱਕੀ ਪਿੰਡ ਬੰਗੀ ਰੂਲਦੀ ਸਿੰਘ ਦੀ ਸੰਦੀਪ ਕੌਰ ਨੇ ਪਹਿਲਾ ਤਾਂ ਪੜ੍ਹਾਈ ਤੰਗੀਆਂ ਤੁਰਸ਼ੀਆਂ ਵਿਚ ਕੀਤੀ ਪਰ ਫਿਰ ਵੀ ਰੁਜ਼ਗਾਰ ਨਾ ਮਿਲਿਆ ਤੇ ਉਤੋਂ ਪਿਉ ਦਾ ਸਾਇਆ ਉਠ ਗਿਆ ਤਾਂ ਮਾਂ ਸਮੇਤ ਦੋ ਛੋਟੇ ਭੈਣ-ਭਰਾ ਦੀ ਜ਼ਿੰਮਵਾਰੀ ਵੀ ਸੰਦੀਪ ਕੌਰ ਦੇ ਸਿਰ ’ਤੇ ਪੈ ਗਈ ਤਾਂ ਉਸ ਨੇ ਕਈ ਥਾਵਾਂ ਤੇ ਨੌਕਰੀ ਦੀ ਭਾਲ ਕੀਤੀ ਪਰ ਨੌਕਰੀ ਨਹੀਂ ਮਿਲੀ ਪਰ ਹੁਣ ਸੰਦੀਪ ਕੌਰ ਮੁੰਡਿਆਂ ਵਾਂਗ ਬੇਝਿੱਜਕ ਬਠਿੰਡਾ ਦੇ ਇਕ ਪਟਰੌਲ ਪੰਪ ’ਤੇ ਤੇਲ ਪਾਉਣ ਦਾ ਕੰਮ ਕਰਦੀ ਹੈ ਤੇ ਘਰ ਦਾ ਗੁਜ਼ਾਰਾ ਕਰਦੀ ਹੈ। 

ਸੰਦੀਪ ਕੌਰ ਨੇ ਕਿਹਾ ਕਿ ਸਰਕਾਰਾਂ ਸਿਰਫ਼ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕਰਦੀ ਹੈ ਪਰ ਜਦੋਂ ਸਰਕਾਰਾਂ ਬਣ ਜਾਂਦੀਆਂ ਹਨ ਤਾਂ ਸਿਰਫ਼ ਲਾਰੇ ਲੱਪੇ ਹੀ ਲਾਏ ਜਾਂਦੇ ਹਨ। ਉਸ ਨੇ ਦਸਿਆ ਕਿ ਵੋਟਾਂ ਤੋਂ ਪਹਿਲਾ ਕਈ ਨੇਤਾਵਾਂ ਨੇ ਸਾਡੇ ਘਰ ਆ ਕੇ ਮੈਨੂੰ ਨੌਕਰੀ ਦਿਵਾਉਣ ਦੇ ਵਾਅਦੇ ਤਕ ਕੀਤੇ ਸਨ ਪਰ ਹੁਣ ਜਦੋਂ ਨੌਕਰੀ ਲਈ ਮਿਲਣ ਜਾਂਦੀ ਹਾਂ ਤਾਂ ਉਹ ਮਿਲਦੇ ਤਕ ਨਹੀਂ। ਸੰਦੀਪ ਕੌਰ ਨੇ ਕਿਹਾ ਕਿ ਬੇਰੁਜ਼ਗਾਰੀ ਕਾਰਨ ਹੀ ਨੌਜਵਾਨ ਚਿੱਟੇ ਜਿਹੇ ਨਸ਼ਿਆਂ ਕਾਰਨ ਅਪਣੀਆਂ ਜਾਨਾਂ ਗਵਾ ਰਹੇ ਹਨ ਪਰ ਸਰਕਾਰਾਂ ਨੂੰ ਇਸ ਦੀ ਕੋਈ ਚਿੰਤਾ ਨਹੀਂ। ਸੰਦੀਪ ਕੌਰ ਨੇ ਕਿਹਾ ਕਿ ਮੈਂ ਪੈਟਰੋਲ ਪੰਪ ’ਤੇ ਨੌਕਰੀ ਤਾਂ ਕਰ ਰਹੀ ਕਿ ਇਕ ਤਾਂ ਘਰ ਦਾ ਗੁਜ਼ਾਰਾ ਹੋ ਸਕੇ ਤੇ ਦੂਜਾ ਮੈਂ ਅਪਣੇ ਛੋਟੋ ਦੋ ਭੈਣ ਤੇ ਭਰਾ ਨੂੰ ਉਚ ਵਿਦਿਆ ਦਿਵਾ ਸਕਾ ਤਾਂ ਜੋ ਉਹ ਨੌਕਰੀ ਦੇ ਯੋਗ ਬਣ ਸਕਣ।